ਪਟਿਆਲਾ: ਪੰਜਾਬ ਵਿੱਚ ਕਿਸਾਨਾਂ ਦੇ ਘਰੇ ਵਿਆਹ ਸ਼ਾਦੀ ਦੇ ਮੌਕੇ ਵੀ ਦਿੱਲੀ ਵਿੱਚ ਬੈਠੇ ਕਿਸਾਨਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਹੌਸਲੇ ਦੇ ਲਈ ਦੁਆਵਾਂ ਕੀਤੀ ਜਾਂ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਨਾਭਾ ’ਚ ਸਾਹਮਣੇ ਆਇਆ ਜਿੱਥੇ ਵਿਆਹ ਸਮਾਗਮ ਦੌਰਾਨ ਜਾਗੋ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ।
ਵਿਆਹ ’ਚ ਡੀਜੇ ’ਤੇ ਕਿਸਾਨੀ ਨਾਲ ਸਬੰਧਤ ਗੀਤ ਹੀ ਵਜਾਏ ਗਏ ਜਿਸ ਵਿੱਚ 'ਜੱਟਾ ਖਿੱਚ ਤਿਆਰੀ ਪੰਗਾ ਪੈ ਗਿਆ ਸੈਂਟਰ ਨਾਲ' ਵਰਗੇ ਗੀਤਾਂ 'ਤੇ ਭੰਗੜਾ ਪਿਆ। ਇਸ ਮੌਕੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਕਈ ਮੈਂਬਰ ਜੋ ਦਿੱਲੀ ਧਰਨੇ ’ਤੇ ਬੈਠੇ ਹਨ ਉਹ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਾਂਗੇ।
ਪੰਜਾਬ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਵਿਆਹਾਂ ਸ਼ਾਦੀਆਂ ਦੇ ਮਾਹੌਲ ਵਿੱਚ ਵੀ ਕਿਸਾਨੀ ਸੰਧਰਸ਼ ਦਾ ਰੰਗ ਵੇਖਣ ਨੂੰ ਮਿਲ ਰਿਹਾ ਹੈ। ਵਿਆਹਾਂ ਸ਼ਾਦੀਆਂ ਵਿੱਚ ਵੀ ਹੁਣ ਪਹਿਲਾਂ ਦਿੱਲੀ ਵਿੱਚ ਬੈਠੇ ਕਿਸਾਨ ਭਰਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਵਿਆਹ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਹਰ ਖੁਸ਼ੀ ਅਧੂਰੀ ਹੈ।