ਨਾਭਾ: ਜਿੱਥੇ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਲੋਕ ਬੇਹਾਲ ਹੋ ਰਹੇ ਹਨ ਉੱਥੇ ਹੀ ਇਸ ਮਹਾਂਮਾਰੀ ਦੇ ਦੌਰਾਨ ਚੋਰਾਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਸਕਰਾਲੀ ਵਿਖੇ, ਜਿੱਥੇ 7 ਮਹੀਨਿਆਂ ਤੋਂ ਬੰਦ ਪਏ ਐਨਆਰਆਈ ਦੇ ਘਰ ਵਿੱਚ ਵੜ ਕੇ ਚੋਰ 10 ਲੱਖ ਰੁਪਏ ਦਾ ਸਮਾਨ ਚੋਰੀ ਕਰ ਫ਼ਰਾਰ ਹੋ ਗਏ।
ਇੰਨਾ ਹੀ ਨਹੀਂ ਚੋਰਾਂ ਨੇ ਘਰ ਵਿੱਚ ਪਈ ਇੰਪੋਰਟਿਡ ਸ਼ਰਾਬ ਦੀਆਂ ਬੋਤਲਾਂ ਵੀ ਖਾਲੀ ਕਰ ਦਿੱਤੀਆਂ। ਇਹ ਪਰਿਵਾਰ ਆਸਟਰੇਲੀਆ ਵਿੱਚ ਪੀ ਆਰ ਹੋਣ ਲਈ ਗਿਆ ਸੀ ਅਤੇ ਵਾਪਸ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਹੀ ਉਡ ਗਏ। ਘਰ ਦਾ ਸਾਮਾਨ ਬਿਖਰਿਆ ਪਿਆ ਸੀ ਅਤੇ ਅਲਮਾਰੀ ਵਿੱਚ ਪਿਆ ਸੋਨਾ, ਚਾਂਦੀ ਗਾਇਬ ਸੀ।
ਘਰ ਦੀ ਮਾਲਕਣ ਦਲਜੀਤ ਕੌਰ ਨੇ ਕਿਹਾ ਕੀ ਅਸੀਂ ਪਿਛਲੇ 7 ਮਹੀਨਿਆਂ ਤੋਂ ਆਸਟਰੇਲੀਆ ਵਿੱਚ ਰਹਿ ਰਹੇ ਸੀ ਜਦੋਂ ਉਹ ਬੀਤੀ ਰਾਤ ਭਾਰਤ ਆਪਣੇ ਘਰ ਪਹੁੰਚੇ ਤਾਂ ਘਰ ਦੇ ਤਾਲੇ ਖੋਲ੍ਹਣ ਤੋਂ ਬਾਅਦ ਘਰ ਵਿੱਚ ਬਿਖਰਿਆ ਸਮਾਨ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਜਦੋਂ ਉਹ ਆਪਣੇ ਕਮਰੇ ਵਿੱਚ ਗਏ ਤਾਂ ਅਲਮਾਰੀ ਵਿੱਚ ਰੱਖਿਆ ਸਾਮਾਨ ਦੇਖਿਆ ਤਾਂ ਉੱਥੋਂ 10 ਲੱਖ ਦੇ ਕਰੀਬ ਸੋਨੇ ਦਾ ਸਮਾਨ ਚੋਰੀ ਹੋ ਚੁੱਕਿਆ ਸੀ। ਅਸੀਂ ਆਸਟਰੇਲੀਆ ਵਿਖੇ ਪੀਆਰ ਹੋਣ ਲਈ ਗਏ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਸਾਰਾ ਸਮਾਨ ਚੋਰੀ ਹੋ ਜਾਵੇਗਾ।
ਮੌਕੇ 'ਤੇ ਫੋਰੈਂਸਿਕ ਟੀਮ ਪਟਿਆਲਾ ਨੂੰ ਬੁਲਾਇਆ ਗਿਆ ਅਤੇ ਹੁਣ ਟੀਮ ਚੋਰਾਂ ਦੇ ਫਿੰਗਰ ਪ੍ਰਿੰਟਸ ਦੇ ਅਧਾਰ 'ਤੇ ਜਾਂਚ ਕਰੇਗੀ। ਚੋਰਾਂ ਵੱਲੋਂ ਘਰ ਵਿੱਚ ਬਿਲਕੁਲ ਸਾਹਮਣੇ ਪਏ ਮੋਬਾਇਲ ਫੋਨ ਨੂੰ ਹੱਥ ਨਹੀਂ ਲਗਾਇਆ। ਇਸ ਮੌਕੇ 'ਤੇ ਏਐੱਸਆਈ ਹਰਜਿੰਦਰ ਸਿੰਘ ਨੇ ਚੋਰਾਂ ਨੂੰ ਜਲਦ ਫੜਣ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।