ਪਟਿਆਲਾ: ਸੁਖਪਾਲ ਖਹਿਰਾ ਜ਼ਮਾਨਤ ਉੱਤੇ ਅੱਜ ਸ਼ੁਕਰਵਾਰ ਨੂੰ ਰਿਹਾਅ ਹੋ ਗਏ ਹਨ। ਦੱਸ ਦਈਏ ਕਿ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਖਹਿਰਾ ਜੇਲ੍ਹ ਵਿੱਚ ਸਨ। ਜੇਲ੍ਹ ਚੋਂ ਬਾਹਰ ਆਉਂਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਦੇ ਵਿਰੁੱਧ ਸਾਜਿਸ਼ ਕਰਨ ਵਾਲਿਆਂ ਵਿਰੁੱਧ ਉਹ ਚੰਡੀਗੜ੍ਹ ਵਿੱਚ ਦੁਪਹਿਰ ਸਾਢੇ 3 ਵਜੇ ਪ੍ਰੈਸ ਕਾਨਫਰੰਸ ਕਰਨਗੇ।
ਬੀਤੇ ਦਿਨ ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਅਤੇ ਅੱਜ ਉਹ ਜੇਲ੍ਹ ਚੋਂ ਬਾਹਰ ਆ ਗਏ ਹਨ। ਖਹਿਰਾ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਹਨ। ਇਸ ਤੋਂ ਪਹਿਲਾਂ ਮੋਹਾਲੀ ਅਦਾਲਤ ਵਲੋਂ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ।
ਇਹ ਹੈ ਮਾਮਲਾ
ਸੁਖਪਾਲ ਖਹਿਰਾ ਦੀ ਹਲਕਾ ਭੁੱਲਥ ਵਿੱਖੇ ਪਿੰਡ ਰਾਮਗੜ੍ਹ ਅਤੇ ਚੰਡੀਗੜ੍ਹ ਰਿਹਾਇਸ਼ ਉੱਤੇ ਕੇਂਦਰੀ ਜਾਂਚ ਏਜੰਸੀ ਈ.ਡੀ. ਵਲੋਂ 9 ਮਾਰਚ, 2021 ਨੂੰ ਰੇਡ ਕੀਤੀ ਗਈ ਸੀ। ਇਸ ਤੋਂ ਬਾਅਦ ਈ.ਡੀ. ਵਲੋਂ ਖਹਿਰਾ ਨੂੰ ਪੁੱਛ ਗਿੱਛ ਲਈ ਬੁਲਾਇਆ ਜਾਂਦਾ ਰਿਹਾ। 11 ਨਵੰਬਰ, 2021 ਨੂੰ ਈ.ਡੀ. ਵਲੋਂ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਖਹਿਰਾ ਵਲੋਂ ਮੋਹਾਲੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਪਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ ਸੀ। ਫਿਰ ਉਨ੍ਹਾਂ ਨੇ ਜ਼ਮਾਨਤ ਲਈ ਹਾਈਕੋਰਟ ਦਾ ਰੁਖ਼ ਕੀਤਾ ਜਿਸ ਦੀ 13 ਦਸੰਬਰ, 2021 ਨੂੰ ਅਤੇ ਫਿਰ ਅਗਲੀ ਸੁਣਵਾਈ 21 ਦਸੰਬਰ, 2021 ਅਤੇ ਫਿਰ 19 ਜਨਵਰੀ, 2022 ਨੂੰ ਸੀ। ਸੁਖਪਾਲ ਖਹਿਰਾ ਦੀ ਜ਼ਮਾਨਤ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਬਹਿਸ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਦਿਨ ਵੀਰਵਾਰ ਨੂੰ ਜ਼ਮਾਨਤ ਮਿਲ ਗਈ ਸੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਭੈਣ ਨੇ ਭਰਾ ਸਿੱਧੂ 'ਤੇ ਲਾਏ ਵੱਡੇ ਇਲਜ਼ਾਮ, ਕਿਹਾ- ਜਾਇਦਾਦ ਲਈ ਸਾਨੂੰ ਘਰੋਂ ਕੱਢਿਆ