ਪਟਿਆਲਾ: ਜ਼ਹਿਰੀਲੀ ਸ਼ਰਾਬ ਕਾਂਡ ਦੀ ਸੀ.ਬੀ.ਆਈ ਜਾਂਚ ਅਤੇ ਕੈਪਟਨ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਘਨੌਰ ਵਿਖੇ ਨਕਲੀ ਸ਼ਰਾਬ ਫੈਕਟਰੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਘੱਗਰ ਸਰਾਏ ‘ਚ ਦਿੱਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਮੇਤ ਵਰਕਰ ਮੌਜੂਦ ਰਹੇ।
ਇਸ ਧਰਨੇ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ ਇੱਕ ਸੌ ਤੀਹ ਲੋਕ ਸ਼ਰਾਬ ਦੇ ਨਾਲ ਮਾਰੇ ਗਏ ,ਇਹ ਸ਼ਰਾਬ ਨਾਲ ਮਾਰੇ ਨਹੀਂ ਗਏ ਬਲਕਿ ਕਤਲ ਕੀਤਾ ਗਿਆ ਹੈ। ਬਾਦਲ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਜੇ ਕੋਈ ਸਭ ਤੋਂ ਜ਼ਿਆਦਾ ਨਿਕੰਮਾ ਮੁੱਖ ਮੰਤਰੀ ਬਣਿਆ ਤਾਂ ਉਹ ਕੈਪਟਨ ਅਮਰਿੰਦਰ ਸਿੰਘ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੀ ,ਗਰੀਬਾਂ ਦੀ ਸਮੱਸਿਆ ਸੁਣੇ ਪਰ ਇਸ ਵੇਲੇ ਪੰਜਾਬ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵੱਡਾ ਪੰਜਾਬ ਵਿੱਚ ਹਾਦਸਾ ਹੋ ਜਾਂਦਾ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਅਤੇ ਡੀਜੀਪੀ ਚੁੱਪ ਬੈਠੇ ਹਨ।
ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਨੂੰ ਪਤਾ ਚੱਲ ਗਿਆ ਹੈ ਕਿ ਉਨ੍ਹਾਂ ਦੀ ਦੁਬਾਰਾ ਸਰਕਾਰ ਨਹੀਂ ਆਉਂਦੀ , ਜਿਸ ਕਰਕੇ ਉਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਜਾਂਦੀ ਹੈ, ਉਹ ਕਾਂਗਰਸ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਅਤੇ ਜਲਾਲਪੁਰ ਉਸ ਨੂੰ ਬਚਾਉਣ ਵਾਸਤੇ ਸਾਹਮਣੇ ਆਉਂਦਾ ਹੈ ਕਿ ਉਹੀ ਉਸ ਦੀ ਹਿੱਸੇਦਾਰੀ ਸ਼ਰਾਬ ਫੈਕਟਰੀ ਵਿੱਚ ਹੈ।