ਪਟਿਆਲਾ: ਬੀਤੇ ਦਿਨੀਂ ਗਾਇਕ ਸ਼੍ਰੀ ਬਰਾੜ ਨੂੰ ਜਾਨ ਗੀਤ ਵਿੱਚ ਭੜਕਾਉ ਭਾਸ਼ਾ ਅਤੇ ਹਥਿਆਰਾਂ ਦੀ ਗੱਲ ਕਰਨ ਉੱਤੇ ਪਟਿਆਲਾ ਪੁਲਿਸ ਨੇ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ਗੀ ਉੱਤੇ ਪਟਿਆਲਾ ਪੁਲਿਸ ਨੇ ਮਾਣਯੋਗ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਦੂਜੇ ਪਾਸੇ ਅਕਾਲੀ ਦਲ ਯੂਥ ਦੇ ਆਗੂ ਗਾਇਕ ਸ਼੍ਰੀ ਬਰਾੜ ਦੇ ਹੱਕ ਵਿੱਚ ਆਏ ਹਨ ਬੰਟੀ ਰੁਮਾਣਾ ਮੁਤਾਬਕ ਸ੍ਰੀ ਬਰਾੜ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਕਿਸਾਨ ਐਂਥਮ ਨਾਂਅ ਦਾ ਗੀਤ ਲਿਖਿਆ ਸੀ ਜੋ ਕਾਫੀ ਵਾਇਰਲ ਹੋਇਆ। ਇਸ ਗੀਤ ਵਿੱਚ ਪੰਜਾਬ ਦੇ ਕਈ ਨਾਮੀਂ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ। ਇਹ ਹੀ ਕਾਰਨ ਹੈ ਕਿ ਕੇਂਦਰ ਵਿੱਚ ਬੈਠੇ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਤੋਂ ਸ਼੍ਰੀ ਬਰਾੜ ਦੇ ਖ਼ਿਲਾਫ਼ ਇਹ ਕਾਰਵਾਈ ਕਰਵਾਈ ਹੈ ਕਿਉਂਕਿ ਬਰਾੜ ਉੱਤੇ ਜੋ ਮਾਮਲਾ ਦਰਜ ਕੀਤਾ ਗਿਆ ਉਹ ਉਨ੍ਹਾਂ ਦੇ ਕਿਸੇ ਪੁਰਾਣੇ ਗਾਣੇ ਨੂੰ ਲੈ ਕੇ ਕੀਤਾ ਗਿਆ।
ਉਨ੍ਹਾਂ ਨੇ ਪਟਿਆਲਾ ਪੁਲਿਸ ਉੱਤੇ ਇਲਜ਼ਾਮ ਲਗਾਇਆ ਕਿ ਸ਼੍ਰੀ ਬਰਾੜ ਦੀ ਕਥਿਤ ਤੌਰ ਉੱਤੇ ਕੁੱਟਮਾਰ ਵੀ ਕੀਤੀ ਗਈ ਹੈ। ਉਨ੍ਹਾਂ ਨੂੰ ਬਰਾੜ ਨਾਲ ਪੁਲਿਸ ਮਿਲਣ ਵੀ ਨਹੀਂ ਦੇ ਰਹੀ ਜਿਸ ਦੀ ਉਹ ਨਿਖੇਧੀ ਕਰਦੇ ਹਨ।