ਪਟਿਆਲਾ: ਜ਼ਿਲ੍ਹੇ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਫ਼ਰੀ ਸਰੂਪ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਕਮੇਟੀ ਮੁਤਾਬਕ, ਇਹ ਸਰੂਪ 20 ਜੁਲਾਈ ਤੋਂ ਲਾਪਤਾ ਹਨ।
ਇਸ ਮਾਮਲੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਪਿੰਡ ਕਲਿਆਣ ਦੇ ਗੁਰੂਘਰ ਵਿੱਚ ਇਕੱਠੀਆਂ ਹੋਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸ਼ਨ ਨੂੰ ਇਸ ਦੀ ਜਾਣਕਾਰੀ ਦੇ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਭਰੋਸਾ ਦਿੱਤਾ ਹੈ ਕਿ 4 ਤਾਰੀਕ ਵਿੱਚ ਇਸ ਮਾਮਲੇ ਵਿੱਚ ਦੋਸ਼ੀਆਂ ਦਾ ਪਤਾ ਲਾ ਲਿਆ ਜਾਵੇਗਾ।
ਇਸ ਮਾਮਲੇ ਬਾਰੇ ਗੁਰਦੁਆਰਾ ਕਮੇਟੀ ਅਤੇ ਪਿੰਡ ਦੇ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ। ਪਿੰਡ ਵਾਲਿਆਂ ਮੁਤਾਬਕ, ਜਥੇਦਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਇਸ ਮਾਮਲੇ ਦੀ ਜਾਂਚ ਕਰੇਗਾ।
ਇਸ ਮੌਕੇ ਸਿੱਖ ਜਥੇਬੰਦੀਆਂ ਅਤੇ ਪਿੰਡ ਦੇ ਲੋਕਾਂ ਨੂੰ ਖ਼ਦਸ਼ਾ ਹੈ ਕਿ ਕਿਤੇ ਉਨ੍ਹਾਂ ਦਾ ਪਿੰਡ ਬਰਗਾੜੀ ਨਾ ਬਣ ਜਾਵੇ, ਅਤੇ ਪੰਜਾਬ ਵਿੱਚ ਮੁੜ ਤੋਂ 2015 ਵਰਗੇ ਹਲਾਤ ਨਾ ਬਣ ਜਾਣ।