ਪਟਿਆਲਾ: ਦੂਜੀ ਜਮਾਤ ਵਿੱਚ ਪੜਦੇ ਬੱਚੇ ਨਾਲ ਦੇਵੀਗੜ ਦੇ ਅਪੋਲੋ ਸਕੂਲ ਦੇ ਸੁਰੱਖਿਆ ਗਾਰਡ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਅਪੋਲੋ ਪਬਲਿਕ ਸਕੂਲ ਵਿੱਚ ਪੜ੍ਹਦਾ ਹੈ। ਤਾਲਾਬੰਦੀ ਦੌਰਾਨ ਉਹ ਡਰਿਆ ਘਬਰਾਇਆ ਰਹਿੰਦਾ ਸੀ। ਜਦੋਂ ਹੁਣ ਚਾਰ ਪੰਜ ਦਿਨ ਪਹਿਲਾਂ ਸਕੂਲ ਵਾਲਿਆ ਦਾ ਫੋਨ ਆਇਆ ਕਿ ਸਕੂਲ ਦੁਬਾਰਾ ਸ਼ੁਰੂ ਹੋ ਰਹੇ ਹਨ ਤਾਂ ਉਸ ਦਾ ਬੇਟਾ ਰੋਣ ਲੱਗ ਪਿਆ ਤੇ ਸਕੂਲ ਜਾਣ ਤੋਂ ਇਨਕਾਰ ਕਰਨ ਲੱਗਾ। ਜਦੋ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਬੁਹਤ ਮੁਸ਼ਕਿਲ ਨਾਲ ਦੱਸਿਆ ਕਿ ਤਾਲਾਬੰਦੀ ਤੋਂ ਪਹਿਲਾਂ ਜਦੋਂ ਉਹ ਸਕੂਲ ਵਿੱਚ ਗੇਮ ਖੇਡਣ ਜਾਂਦਾ ਸੀ ਤਾਂ ਸਕੂਲ ਦਾ ਸੁਰੱਖਿਆ ਗਾਰਡ ਉਸ ਨੂੰ ਬਾਥਰੂਮ 'ਚ ਲਿਜਾ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ।
ਬੱਚੇ ਦੇ ਪਿਤਾ ਨੇ ਕਿਹਾ ਕਿ ਤਾਲਾਬੰਦੀ ਤੋਂ ਪਹਿਲਾਂ ਬੱਚੇ ਦੇ ਪੇਟ 'ਚ ਇਨਫੈਕਸ਼ਨ ਵੀ ਹੋ ਗਈ ਸੀ। ਉਸ ਦੇ ਇਲਾਜ ਲਈ ਉਹ ਚੰਡੀਗੜ੍ਹ ਤੱਕ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਮਨੇਜਮੈਂਟ ਅਤੇ ਗਾਰਡ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਕਾਰਵਾਈ ਨਹੀ ਹੁੰਦੀ ਤਾ ਉਨ੍ਹਾਂ ਵੱਲੋਂ ਧਰਨੇ ਦਿੱਤੇ ਜਾਣਗੇ।
ਉੱਥੇ ਹੀ ਸਕੂਲ ਦੀ ਪ੍ਰਿੰਸਿਪਲ ਨੇ ਕਿਹਾ ਕਿ ਜੋ ਵੀ ਹੋਇਆ ਇਹ ਬਹੁਤ ਗਲਤ ਹੈ। ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚੇ ਦੇ ਪਿਤਾ ਦੀ ਦਰਖਾਸ਼ਤ 'ਤੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਆਰੋਪੀ ਨੇ ਜ਼ੁਲਮ ਕਬੂਲ ਕਰ ਲਿਆ ਹੈ ਅਤੇ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਜੇਕਰ ਸਕੂਲ ਮਨੇਜਮੈਂਟ ਦਾ ਕੋਈ ਵੀ ਅਧਿਕਾਰੀ ਜਾ ਅਧਿਆਪਕ ਸ਼ਾਮਲ ਪਾਇਆ ਗਿਆ ਤਾਂ ਬਣਦੀ ਕਾਰਵਾਈ ਉਸ ਉਪਰ ਵੀ ਕੀਤੀ ਜਾਵੇਗੀ।