ਪਟਿਆਲਾ: ਫਤਿਹਗੜ੍ਹ ਸਾਹਿਬ ਦੇ 2 ਪਿੰਡਾਂ ਤਰਖਾਣ ਮਾਜਰਾ ਅਤੇ ਜੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਿੱਚ ਸਿੱਖ ਸੰਗਤਾਂ ਵੱਲੋਂ ਦੁਖਨਿਵਾਰਨ ਸਾਹਿਬ ਦੇ ਖੰਡਾ ਚੌਕ ਵਿਖੇ ਮੋਮਬੱਤੀਆ ਜਗਾ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕੀਤਾ ਗਿਆ।
ਇਸ ਮੌਕੇ ਸਿੱਖ ਸੰਗਤਾਂ ਨੇ ਐਸਜੀਪੀਸੀ ਨੂੰ ਅਪੀਲ ਕੀਤੀ ਕਿ ਵਾਰ-ਵਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੱਕਾ ਹੱਲ ਲੱਭਿਆ ਜਾਵੇ। ਇਸ ਦੇ ਨਾਲ ਸੰਗਤਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਤਹਿਤ ਸਿੱਖ ਸੰਗਤਾਂ ਵੱਲੋਂ ਸਰਹਿੰਦ ਰੋਡ ਤੋਂ ਮਾਰਚ ਸ਼ੁਰੂ ਕਰਕੇ ਰਸਤੇ ਵਿੱਚ ਜਿਨ੍ਹੇ ਵੀ ਪਿੰਡ ਆਉਣਗੇ, ਜਿਹੜੇ ਪਿੰਡ ਦੇ ਗੁਰਦੁਆਰੇ ਵਿੱਚ ਕੈਮਰੇ ਅਤੇ ਸੁਰੱਖਿਆ ਦੇ ਪ੍ਰਬੰਧ ਨਹੀਂ ਹੋਣਗੇ, ਉੱਥੇ ਪ੍ਰਸ਼ਾਸਨ ਨੂੰ ਕਹਿ ਕੇ ਪ੍ਰਬੰਧ ਕਰਵਾਏ ਜਾਣਗੇ।
ਦੱਸ ਦੇਈਏ ਬੀਤੀ 13 ਅਕੂਤਬਰ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਪਿੰਡ ਜੱਲ੍ਹਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ।
ਤਰਖਾਣ ਮਾਜਰਾ ਵਿੱਚ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਗਿਆ ਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ। ਗ੍ਰੰਥੀ ਨੇ ਇਸ ਸਬੰਧੀ ਰੌਲ਼ਾ ਪਾਇਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ। ਉਨ੍ਹਾਂ ਨੌਜਵਾਨ ਨੂੰ ਫੜ ਕੇ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਥਾਣਾ ਸਰਹਿੰਦ ਦੀ ਪੁਲਿਸ ਘਟਨਾ ਸਥਾਨ ’ਤੇ ਪੁੱਜੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ।