ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 6 ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਲੀ ਵਿੱਚ ਵਾਪਰੀਆਂ ਫਿਰਕੂ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ। ਜਥੇਬੰਦੀਆਂ ਨੇ ਕਿਹਾ ਇਹ ਹਿੰਸਾ ਕੋਈ ਦੋ ਫਿਰਕਿਆਂ ਦਰਮਿਆਨ ਹੋਈਆਂ ਝੜਪਾਂ ਨਹੀਂ ਹਨ ਸਗੋਂ ਭਾਜਪਾ ਤੇ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਵਿਉਂਤਬੱਧ ਢੰਗ ਨਾਲ ਗੁੰਡਾ ਗਿਰੋਹ ਤਿਆਰ ਕਰਕੇ ਕੀਤੇ ਹਮਲੇ ਹਨ।
ਇਨ੍ਹਾਂ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਮੋਦੀ ਹਕੂਮਤ ਵੱਲੋਂ ਦੇਸ਼ ਵਿੱਚ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਲਈ ਨਾਗਰਿਕਤਾ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਤਿਆਰ ਕੀਤੇ ਜਾ ਰਹੇ ਹਨ। ਦੇਸ਼ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਰਾਹੀਂ ਲੋਕਾਂ ਨੇ ਆਪਣੀ ਇੱਛਾ ਦੱਸ ਦਿੱਤੀ ਹੈ ਕਿ ਉਹ ਨਾਗਰਿਕਤਾ ਨੂੰ ਧਰਮ ਨਾਲ ਜੋੜਨ ਵਾਲੇ ਕਨੂੰਨਾਂ ਅਤੇ ਫਿਰਕੂ ਪਾੜਾ ਪਾਉਣ ਦੀ ਰਾਜਨੀਤੀ ਦੇ ਸਖ਼ਤ ਖ਼ਿਲਾਫ਼ ਹਨ।
ਇਹ ਵੀ ਪੜ੍ਹੋ: ਦਿੱਲੀ ਹਿੰਸਾ: ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ, ਕੇਂਦਰ ਤੋਂ ਰਿਪੋਰਟ ਤਲਬ
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਭਾਜਪਾ ਹਕੂਮਤ ਇਸ ਲੋਕ ਆਵਾਜ ਨੂੰ ਸੁਣਨ ਦੀ ਥਾਂ ਸ਼ਾਂਤਮਈ ਵਿਰੋਧ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦਿੱਲੀ ਵਿੱਚ ਪਿਛਲੇ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਦੇ ਨਾਮ ’ਤੇ ਗੁੰਡਿਆਂ ਦੀ ਭੀੜ ਤਿਆਰ ਕੀਤੀ ਗਈ। ਐਤਵਾਰ ਨੂੰ ਪੂਰਬੀ ਦਿੱਲੀ ਦੇ ਮੁਸਲਿਮ ਇਲਾਕਿਆਂ ਵਿੱਚ ਟਕਰਾਅ ਖੜਾ ਕੀਤਾ ਗਿਆ ਜਿਸ ਦੀ ਅਗਵਾਈ ਭਾਜਪਾ ਦਾ ਆਗੂ ਕਪਿਲ ਮਿਸ਼ਰਾ ਕਰ ਰਿਹਾ ਸੀ। ਉਸ ਵੱਲੋਂ ਦਿੱਲੀ ਦੀਆਂ ਸੜਕਾਂ 'ਤੇ ਗੁੰਡਾਗਰਦੀਆਂ ਦੀਆਂ ਦਿੱਤੀਆਂ ਧਮਕੀਆਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਉਸ ਨੂੰ ਸ਼ਹਿ ਦਿੱਤੀ ਗਈ।