ਪਟਿਆਲਾ: ਭਾਰਤ-ਪਾਕਿ ਵਿਚਾਲੇ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਹੋ ਗਏ ਹਨ ਤੇ ਫ਼ਾਰਮ ਭਰਨ ਲਈ ਵੈਬਸਾਇਟ ਵੀ ਖੁੱਲ੍ਹ ਚੁੱਕੀ ਹੈ। ਉੱਥੇ ਹੀ ਸੰਗਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਭਾਰਤ ਤੇ ਪਾਕਿਸਤਾਨ ਸਰਕਾਰ ਦੀ ਆਪਸ ਵਿੱਚ ਸਹਿਮਤੀ ਦੀ ਖ਼ਬਰ ਨੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪਰ ਸੰਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਰਤਾਰਪੁਰ ਸਾਹਿਬ ਜਾਣ ਲਈ ਕਿਹੜੇ ਕਾਗਜ਼ਾਤ ਤੇ ਦਸਤਾਵੇਜ਼ ਜ਼ਰੂਰੀ ਹਨ। ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਉੱਥੇ ਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਤਾਂ ਜ਼ਰੂਰ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਦੱਸਿਆ ਨਹੀਂ ਗਿਆ ਕਿ ਕਿਸ ਢੰਗ ਨਾਲ ਜਾਣਾ ਹੈ।
ਸਿੱਖ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ 20 ਡਾਲਰਾਂ ਦਾ ਟੈਕਸ ਪਾਕਿਸਤਾਨ ਸਰਕਾਰ ਵੱਲੋਂ ਲਗਾਇਆ ਹੈ ਉਹ ਸਰਕਾਰ ਦੀ ਆਪਣੀ ਨੀਤੀ ਹੋ ਸਕਦੀ ਹੈ। ਦੂਜੇ ਪਾਸੇ ਕਈ ਸੰਗਤਾਂ ਵਿੱਚੋਂ ਅਜਿਹੇ ਸਿੱਖ ਵੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਯਾਤਰਾ ਆਧਾਰ ਕਾਰਡ ਰਾਹੀਂ ਕਰਵਾਈ ਜਾਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਨਹੀਂ ਹੈ ਤੇ ਇੰਨੀ ਛੇਤੀ ਪਾਸਪੋਰਟ ਬਣਨਾ ਵੀ ਮੁਮਕਿਨ ਨਹੀਂ ਹੈ।