ਪਟਿਆਲਾ : ਸ਼ਹਿਰ ਦੇ ਟੈਗੋਰ ਥਿਏਅਟਰ ਰੋਡ 'ਤੇ ਸਥਿਤ ਨਗਰ ਨਿਗਮ ਦੇ ਇੱਕ ਪਾਰਕ 'ਚ ਇੱਕ ਵਿਸ਼ੇਸ਼ ਕੈਬਿਨ "ਵਾਲ ਆਫ਼ ਕਾਇੰਡਨੈਸ " ਚਲਾਇਆ ਜਾ ਰਿਹਾ ਹੈ। ਇਸ ਨੂੰ ਇੱਕ ਗੈਰ-ਸਰਕਾਰੀ ਸੰਸਥਾ ਵੱਲੋਂ ਨਗਰ ਨਿਗਮ ਦੀ ਮਦਦ ਨਾਲ ਲੋੜਵੰਦ ਲੋਕਾਂ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।
ਇਸ ਬਾਰੇ ਦੱਸਦੇ ਹੋਏ ਇਸ ਸੰਸਥਾ ਦੇ ਮੁੱਖੀ ਦਿਲੀਪ ਕੁਮਾਰ ਨੇ ਦੱਸਿਆ ਕਿ ਉਹ ਨਗਰ ਨਿਗਮ 'ਚ ਬਤੌਰ ਐਕਸੀਅਨ ਕੰਮ ਕਰਦੇ ਹਨ। ਉਹ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਗਰ ਨਿਗਮ ਤੋਂ ਪਾਰਕ 'ਚ ਇੱਕ ਥਾਂ ਲੈ ਕੇ "ਵਾਲ ਆਫ਼ ਕਾਇੰਡਨੈਸ" ਦੀ ਸ਼ੁਰੂਆਤ ਕੀਤੀ। ਇਸ ਸੰਸਥਾ ਦੀ ਸ਼ੁਰੂਆਤ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਲੋੜ ਵੱਧ ਕਪੜੇ ਹਨ ਉਹ ਲੋਕ ਇਥੇ ਕਪੜੇ ਦਾਨ ਕਰਕੇ ਜਾਂਦੇ ਹਨ। ਜਿਨ੍ਹਾਂ ਲੋੜਵੰਦ ਲੋਕਾਂ ਨੂੰ ਗਰਮ ਕਪੜੇ ਜਾਂ ਹੋਰਨਾਂ ਚੀਜਾਂ ਦੀ ਲੋੜ ਹੁੰਦੀ ਹੈ ਉਹ ਇਥੋਂ ਮੁਫ਼ਤ ਲਿਜਾ ਸਕਦੇ ਹਨ।
ਦਿਲੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਮੌਜੂਦਾ ਸਮੇਂ 'ਚ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਸੱਚੀ ਸੇਵਾ ਹੈ ਅਤੇ ਇਸ ਲਈ ਸਾਨੂੰ ਸਭ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਹੋਰ ਪੜ੍ਹੋ : ਕ੍ਰਿਸਮਸ ਮੌਕੇ ਮਸੀਹ ਭਾਈਚਾਰੇ ਵੱਲੋਂ ਚੰਡੀਗੜ੍ਹ 'ਚ ਕੱਢੀ ਗਈ ਸ਼ੋਭਾ ਯਾਤਰਾ
ਇਸ ਮੌਕੇ ਗਰਮ ਕਪੜੇ ਲੈਣ ਪੁਜੇ ਲੋੜਵੰਦ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਬੇਹਦ ਖੁਸ਼ ਹਨ ਅਤੇ ਉਨ੍ਹਾਂ ਨੂੰ ਮੁਫ਼ਤ 'ਚ ਗਰਮ ਕਪੜੇ ਮਿਲ ਜਾਂਦੇ ਹਨ।