ਪਟਿਆਲਾ: ਕੋਰੋਨਾ ਵਾਇਰਸ ਕਾਰਨ ਭਾਰਤ ਭਰ ਵਿੱਚ ਤਾਲਾਬੰਦੀ ਕੀਤੀ ਹੋਈ ਹੈ ਤੇ ਪੰਜਾਬ ਵਿੱਚ ਕਰਫ਼ਿਊ ਲਗਾਇਆ ਹੋਇਆ ਹੈ। ਇਸ ਕਾਰਨ ਕਈ ਵਿਦਿਆਰਥੀ, ਕਰਮਚਾਰੀ ਤੇ ਹੋਰ ਲੋਕ ਆਪਣੇ ਘਰਾਂ ਤੋਂ ਦੂਰ ਫਸੇ ਹੋਏ ਹਨ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਆਪਣੇ ਨਾਨਕੇ ਪਰਿਵਾਰ ਵਿੱਚ ਆਇਆ ਹੋਇਆ ਸੀ ਤੇ ਕਰਫ਼ਿਊ ਕਾਰਨ ਘਰ ਵਾਪਿਸ ਨਹੀਂ ਜਾ ਸਕਦਾ ਸੀ। ਪਟਿਆਲਾ ਪ੍ਰਸ਼ਾਸਨ ਦੇ ਉਪਰਾਲੇ ਤੋਂ ਬਾਅਦ ਮਿਅੰਕਵੀਰ ਨੂੰ ਉਸ ਦੇ ਆਪਣੇ ਘਰ ਜੰਮੂ ਭੇਜ ਦਿੱਤਾ ਗਿਆ।
ਜਾਣਕਾਰੀ ਲਈ ਦੱਸ ਦਈਏ ਕਿ ਬੱਚਾ ਆਪਣੀ ਨਾਨੀ ਨਾਲ ਕਰਫ਼ਿਊ ਲੱਗਣ ਤੋਂ ਪਹਿਲਾਂ ਛੁੱਟੀਆਂ ਕੱਟਣ ਨਾਨਕੇ ਆਇਆ ਸੀ। ਇਸ ਤੋਂ ਬਾਅਦ ਕਰਫ਼ਿਊ ਲੱਗ ਗਿਆ ਅਤੇ ਬੱਚਾ 15 ਦਿਨਾਂ ਤੋਂ ਆਪਣੀ ਮਾਂ ਤੋਂ ਬਿਨਾ ਰਹਿਣ ਕਰਕੇ ਸਟ੍ਰੈਸ ਵਿੱਚ ਆਉਣ ਲੱਗ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬੱਚੇ ਨੂੰ ਵਾਪਿਸ ਭੇਜਣ ਲਈ ਜ਼ਿਲ੍ਹਾ ਬਾਲ ਵਿਭਾਗ ਨਾਲ ਸੰਪਰਕ ਕੀਤਾ ਗਿਆ ਤੇ ਵਿਭਾਗ ਦੀ ਮਦਦ ਨਾਲ ਬੱਚੇ ਨੂੰ ਵਾਪਿਸ ਆਪਣੀ ਮਾਂ ਕੋਲ ਜੰਮੂ ਭੇਜਿਆ ਗਿਆ।
ਇਹ ਵੀ ਪੜ੍ਹੋ: ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੀ ਆਪਣੀ ਧੀ ਉੱਤੇ ਮਾਣ: ਮਿਲਖਾ ਸਿੰਘ
ਇਸ ਮੌਕੇ ਜ਼ਿਲ੍ਹਾ ਬਾਲ ਵਿਭਾਗ ਦੀ ਅਫ਼ਸਰ ਰੂਪਵੰਤ ਕੌਰ ਨੇ ਦੱਸਿਆ ਕਿ ਕਰਫ਼ਿਊ ਕਾਰਨ ਬੱਚਾ ਮਿਅੰਕਵੀਰ ਪਿਛਲੇ 15 ਦਿਨਾਂ ਤੋਂ ਪਟਿਆਲਾ ਵਿੱਚ ਫਸਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਉਸ ਨੂੰ ਜੰਮੂ ਭੇਜਿਆ ਗਿਆ ਅਤੇ ਉਥੇ ਪਹੁੰਚਣ ਤੋਂ ਬਾਅਦ ਵੀ ਵਿਭਾਗ ਵੱਲੋਂ ਫੋਲੋ-ਅਪ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬੱਚਾ ਆਪਣੀ ਮਾਂ ਨਾਲ ਸਹੀ ਸਲਾਮਤ ਹੈ। ਪਟਿਆਲਾ ਪ੍ਰਸ਼ਾਸਨ ਅਤੇ ਬਾਲ ਵਿਭਾਗ ਦੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ ਅਤੇ ਇਸ ਸਬੰਧੀ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਵੀ ਟਵੀਟ ਕਰ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।