ਪਟਿਆਲਾ: ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੀ ਸੜਕ ਚੌਕੀ ਪਟਿਆਲਾ ਵਿੱਚ ਆਉਂਦੀ ਹੈ। ਤਿੰਨ ਪਾਸਿਓਂ ਜੁੜਨ ਵਾਲੇ ਇਸ ਰਾਹ ਉੱਤੇ ਲੱਗੀਆਂ ਟ੍ਰੈਫਿਕ ਲਾਈਟਾਂ ਇੱਕ ਦਿਨ ਵੀ ਨਹੀਂ ਚੱਲੀਆਂ।
ਲਾਈਟਾਂ ਦੀ ਹਾਲਤ ਦੇਖ ਕੇ ਤਰਸ ਆਉਂਦਾ ਹੈ ਕਿ ਸਭ ਤੋਂ ਜ਼ਿਆਦਾ ਟ੍ਰੈਫਿਕ ਵਾਲਾ ਚੌਕ ਜਿੱਥੇ ਸਨੌਰ, ਦੇਵੀਗੜ੍ਹ ਅਤੇ ਪਟਿਆਲਾ ਤਿੰਨੋਂ ਪਾਸੇ ਤੋਂ ਮੇਲ ਹੁੰਦਾ ਹੈ। ਇਹ ਚੌਕ ਪੰਜਾਬ ਤੇ ਹਰਿਆਣਾ ਨੂੰ ਆਪਸ ਵਿੱਚ ਮਿਲਾਉਂਦਾ ਹੈ।
ਇਸ ਚੌਕ ਵਿੱਚ ਲੱਗੀਆਂ ਹੋਈਆਂ ਲਾਈਟਾਂ ਸਿਰਫ਼ ਇੱਕ ਬੁੱਤ ਵਾਂਗ ਜਾਪਦੀਆਂ ਹਨ ਕਿਉਂਕਿ ਨਾ ਹੀ ਇਹ ਲਾਈਟਾਂ ਚੱਲਦੀਆਂ ਹਨ ਅਤੇ ਨਾ ਹੀ ਇਨ੍ਹਾਂ ਦੀ ਮੁਰੰਮਤ ਹੁੰਦੀ ਹੈ। ਇਸ ਚੌਕ ਉੱਤੇ ਕਿਸੇ ਪੁਲਿਸ ਅਧਿਕਾਰੀ ਦੀ ਡਿਊਟੀ ਵੀ ਨਹੀਂ ਲੱਗਦੀ।
ਇੱਥੇ ਦੁਕਾਨਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇੱਥੇ ਰੋਜ਼ਾਨਾ ਇੱਕ ਹਾਦਸਾ ਜ਼ਰੂਰ ਹੁੰਦਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਦੂਜੇ ਪਾਸੇ ਜਦੋਂ ਪੁਲਿਸ ਟ੍ਰੈਫ਼ਿਕ ਇੰਚਾਰਜ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲਾਈਟਾਂ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੈ। ਸ਼ਾਇਦ ਇਸ ਦਾ ਠੇਕਾ ਲਖਨਊ ਦੇ ਕਿਸੇ ਠੇਕੇਦਾਰ ਕੋਲ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਉਹ ਇਸ ਵੱਲ ਜ਼ਰੂਰ ਧਿਆਨ ਦੇਣਗੇ।