ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀ ਆਪਸੀ ਰੰਜਿਸ਼ ਦੇ ਚਲਦਿਆਂ ਕੁੱਟਮਾਰ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਦੁਲੱਦੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਗੂੰਗੇ ਬਹਿਰੇ ਵਿਅਕਤੀ ਦੀ ਉਸ ਦੇ ਗੁਆਂਢੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਪੀੜਤ ਗੁਰਚਰਨ ਸਿੰਘ ਨੂੰ ਨਾਭਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਦੂਜੇ ਪਾਸੇ ਨਾਭਾ ਸਦਰ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਜਾਣਕਾਰੀ ਮੁਤਾਬਕ ਆਪਸੀ ਰੰਜਿਸ਼ ਦੇ ਚੱਲਦਿਆਂ ਗੁਆਂਢੀਆਂ ਨੇ ਗੁਰਚਰਨ ਸਿੰਘ ਜੋ ਕਿ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਲ 5 ਤੋਂ 6 ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰ ਉਥੋਂ ਲੰਘ ਰਹੇ ਕਿਸੇ ਵੀ ਵਿਅਕਤੀ ਨੇ ਇਸ ਲੜਾਈ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ। ਇਸ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕੁਝ ਵਿਅਕਤੀ ਬਿਨਾਂ ਕਿਸੇ ਡਰ ਭੈਅ ਤੋਂ ਗੁਰਚਰਨ ਸਿੰਘ ਦੀ ਕੁੱਟਮਾਰ ਕਰ ਰਹੇ ਹਨ।
ਇਸ ਮੌਕੇ ਪੀੜਤ ਗੁਰਚਰਨ ਸਿੰਘ ਦੀ ਮਾਤਾ ਮੁਖਤਿਆਰ ਕੌਰ ਨੇ ਕਿਹਾ ਕਿ ਜਦੋਂ ਇਹ ਲੜਾਈ ਦੀ ਘਟਨਾ ਵਾਪਰੀ ਉਸ ਸਮੇਂ ਉਹ ਆਪਣੇ ਘਰ ਚਾਹ ਬਣਾਉਣ ਗਈ ਹੋਈ ਸੀ। ਜਦੋਂ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਗੁਰਚਰਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਗੁਆਂਢੀਆਂ ਦੇ ਨਾਲ ਲੜਾਈ ਹੋਈ ਸੀ ਜਿਸ ਦਾ ਸਮਝੌਤਾ ਹੋ ਗਿਆ ਸੀ ਪਰ ਅੱਜ ਫਿਰ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ।
ਘਟਨਾ ਬਾਰੇ ਪੁਲਿਸ ਅਧਿਕਾਰੀ ਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਗੁਰਚਰਨ ਸਿੰਘ ਪਿੰਡ ਦੁਲੱਦੀ ਦੀ ਗੁਆਂਢੀਆਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਅਸੀਂ ਵੀਡੀਓ ਦੇ ਆਧਾਰ ਤੇ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕਰ ਰਹੇ ਹਾਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ।