ਪਟਿਆਲਾ: ਫ਼ੌਜੀ ਜਵਾਨਾਂ ਅਤੇ ਉਹਨਾਂ ਦੇ ਪਰਿਵਾਰ ਪ੍ਰਤੀ ਸਤਿਕਾਰ ਹਰ ਇੱਕ ਦੇ ਦਿਲ ਵਿੱਚ ਹੁੰਦਾ ਹੈ। ਜਦੋਂ ਕੋਈ ਜਵਾਨ ਸ਼ਹੀਦ ਹੁੰਦਾ ਹੈ ਤਾਂ ਇਹ ਸਤਿਕਾਰ ਵੱਧ ਦਾ ਹੀ ਨਹੀਂ ਸਗੋਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ।
ਜਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਦਾ ਰਹਿਣ ਵਾਲਾ NDRF(ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) 7th ਬਟਾਲੀਅਨ ਦਾ ਜਵਾਨ ਮਲਕੀਤ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਮਲਕੀਤ ਸਿੰਘ ਦੀ ਡਿਊਟੀ ਸੁੰਦਰ ਨਗਰ ਹਿਮਾਚਲ ਵਿਖੇ ਸੀ। ਪਿੰਡ ਹਰਪਾਲਪੁਰ ਨੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਆਖਰੀ ਵਿਦਾਈ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ NDRF 7th ਬਟਾਲੀਅਨ ਦਾ ਸਿਪਾਹੀ ਮਲਕੀਤ ਸਿੰਘ ਸੁੰਦਰ ਨਗਰ ਹਿਮਾਚਲ ਵਿਖੇ ਸ਼ਹੀਦ ਹੋਇਆ ਹੈ। ਸ਼ਹੀਦ ਮਲਕੀਤ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਹਰਪਾਲਪੁਰ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ।
ਸ਼ਹੀਦ ਦਾ ਪਰਿਵਾਰ
ਸ਼ਹੀਦ ਮਲਕੀਤ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ, ਪਤਨੀ ਅਤੇ 9 ਮਹੀਨੇ ਦੀ ਬੇਟੀ ਹਨ।
ਇਸ ਮੌਕੇ 'ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਮੁੱਖ ਤੌਰ 'ਤੇ ਪਹੁੰਚੇ। ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਪਰਿਵਾਰ ਦੀ ਔਖੇ ਸਮੇਂ ਵਿੱਚ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੋਂ 50 ਲੱਖ ਦਾ ਮੁਆਵਜ਼ਾ ਵੀ ਦਿਵਾਇਆ ਜਾਵੇਗਾ।
ਇਸ ਮੌਕੇ ਤੇ ਸ਼ਹੀਦ ਮਲਕੀਤ ਸਿੰਘ ਦੀ ਪਤਨੀ ਨੇ ਆਖਿਆ ਕਿ ਸ਼ਹੀਦ ਮਲਕੀਤ ਸਿੰਘ 1 ਮਹੀਨੇ ਪਹਿਲਾਂ ਹੀ ਛੁੱਟੀ 'ਤੇ ਘਰ ਪਰਤੇ ਸਨ। ਉਹਨਾਂ ਦੀ ਬੇਟੀ ਸਿਰਫ਼ 9 ਮਹੀਨੇ ਦੀ ਹੈ।
ਪਿੰਡ ਦਾ ਬੱਚਾ ਅਤੇ ਨੌਜਵਾਨ ਸ਼ਹੀਦ ਮਲਕੀਤ ਸਿੰਘ ਨੂੰ ਸਲਾਮ ਕਰਨ ਦੇ ਲਈ ਇੱਥੇ ਪਹੁੰਚਿਆ ਹੈ।