ਪਟਿਆਲਾ: ਤਕਰੀਬਨ 8 ਦਿਨ ਪਹਿਲਾਂ ਹੋਈ ਡਰਾਈਵਰ ਜਤਿੰਦਰ ਕੁਮਾਰ ਉਰਫ ਛੰਟੀ ਦੀ ਹੱਤਿਆ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਪੁਲਿਸ ਅਨੁਸਾਰ ਕਤਲ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਸੀ। ਸੀਆਈਏ ਪਟਿਆਲਾ ਪੁਲਿਸ ਨੇ ਇੱਕ ਸਾਂਝੇ ਤੌਰ ’ਤੇ ਕੀਤੀ ਗਈ ਰੇਡ ਦੌਰਾਨ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਤਿੰਦਰ ਨੂੰ ਮਾਰਨ ਪਿਛੋਂ ਕਾਤਲਾਂ ਨੇ ਤਾਬੂਤ ’ਚ ਪਾ ਲਾਸ਼ ਨੂੰ ਨਹਿਰ ’ਚ ਸੁੱਟਿਆ
ਇਸ ਮੌਕੇ ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ 30 ਜਨਵਰੀ ਨੂੰ ਰਘਵੀਰ ਸਿੰਘ ਨਿਵਾਸੀ ਗਿੱਲ ਸਟ੍ਰੀਟ ਮਾਈਅਸ ਗੇਟ ਨਾਭਾ ਨੇ ਥਾਣਾ ਕੋਤਵਾਲੀ ਨਾਭਾ ਵਿਖੇ ਸੂਚਿਤ ਕੀਤਾ ਸੀ ਕਿ ਉਸਦਾ ਜਵਾਈ ਜਤਿੰਦਰ ਕੁਮਾਰ ਨਿਵਾਸੀ ਦਸਮੇਸ਼ ਕਲੋਨੀ ਨਾਭਾ ਵਿਖੇ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਜਤਿੰਦਰ ਕਾਰ ਲੈ ਕੇ ਮਾਲੇਰਕੋਟਲਾ ਗਿਆ ਸੀ, ਜਿੱਥੋਂ ਉਹ ਮਾਨਸਾ ਅਤੇ ਲੁਧਿਆਣਾ ਗਿਆ। ਜਦੋਂ 29 ਜਨਵਰੀ ਨੂੰ ਮਲੇਰਕੋਟਲਾ ਤੋਂ ਨਾਭਾ ਆ ਰਿਹਾ ਸੀ ਤਾਂ ਰਾਤ 8 ਵਜੇ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਦਾ ਅਮਰਗੜ੍ਹ ਨੇੜੇ ਉਸ ਨਾਲ ਸੰਪਰਕ ਟੁੱਟ ਗਿਆ। 30 ਜਨਵਰੀ ਨੂੰ ਥਾਣਾ ਸਦਰ ਨਾਭਾ ਵਿਖੇ ਜਤਿੰਦਰ ਦੇ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਗਿਆ ਸੀ। ਉਸਦੀ ਗੱਡੀ ਬੋਲੇਰੋ ਸਾਈਡ ਰੋਡ 'ਤੇ ਲਾਵਾਰਿਸ ਹਾਲਾਤ ’ਚ ਮਿਲੀ, ਜੋ ਕਿ ਰੋਹਟੀ ਦੇ ਪੁਲ ’ਤੇ ਖੜ੍ਹੀ ਹੋਈ ਸੀ। 2 ਫਰਵਰੀ ਨੂੰ ਜਤਿੰਦਰ ਦੀ ਲਾਸ਼ ਰੋਹਟੀ ਪੁਲ ਨਹਿਰ ਵਿੱਚੋਂ ਬਰਾਮਦ ਹੋਈ। ਕਿਸੇ ਨੇ ਜਤਿੰਦਰ ਦੇ ਗਲ਼ੇ ਨੂੰ ਰੱਸੀ ਨਾਲ ਘੁੱਟਿਆ ਅਤੇ ਲਾਸ਼ ਨੂੰ ਤਾਬੂਤ ’ਚ ਪਾ ਨਹਿਰ ਵਿੱਚ ਸੁੱਟ ਦਿੱਤਾ।
ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਰਾਹੀਂ ਸੁਲਝਿਆ ਹੱਤਿਆ ਦਾ ਮਾਮਲਾ
ਐਸਐਸਪੀ ਦੁੱਗਲ ਨੇ ਦੱਸਿਆ ਕਿ ਐਸਪੀ ਹਰਮੀਤ ਸਿੰਘ ਅਤੇ ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਦੀ ਹਦਾਇਤ ’ਤੇ ਇੰਸਪੈਕਟਰ ਰਾਹੁਲ ਕੌਂਸਲ ਇੰਚਾਰਜ ਸੀਆਈਏ ਸਟਾਫ਼ ਪਟਿਆਲਾ ਦੀਆਂ ਟੀਮਾਂ ਨੇ ਕਤਲ ਦੇ ਕੇਸ ਦਾ ਪਤਾ ਲਾਉਣ ਲਈ ਅਮਰਗੜ੍ਹ ਤੋਂ ਰੋਹਟੀ ਪੁੱਲ ਤੱਕ ਸੀਸੀਟੀਵੀ ਰਿਕਾਰਡਿੰਗ ਚੈੱਕ ਕੀਤੀ।
ਜਾਂਚ ਦੌਰਾਨ ਹਰਜੀਤ ਸਿੰਘ ਅਤੇ ਹਰਬਲਵੀਰ ਸਿੰਘ ਵਾਸੀ ਪਿੰਡ ਬੁਰਜ ਬਘੇਲ ਸਿੰਘ ਵਾਲਾ ਅਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਨਾਭਾ ਵਿਖੇ ਇੱਕਠੇ ਹੋਏ ਸਨ। ਜਿਸ ਤੋਂ ਬਾਅਦ ਸ਼ੱਕ ਤੇ ਆਧਾਰ ’ਤੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਆਰੋਪੀ ਹਰਜੀਤ ਸਿੰਘ, ਹਰਬਲਵੀਰ ਸਿੰਘ ਅਤੇ ਸਰਬਜੀਤ ਕੌਰ ਉਰਫ਼ ਮਹਿਕ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ।