ਪਟਿਆਲਾ: ਪੰਜਾਬ ਕਾਂਗਰਸ ਦੇ ਨਵੇਂ ਮੁੱਖ ਮੰਤਰੀ (CM) ਬਣਨ ਤੋਂ ਬਾਅਦ ਵੀ ਕਾਂਗਰਸੀ ਆਗੂਆਂ ਦਾ ਆਪਸੀ ਕਾਟੋ-ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਦੀ ਨਵੀਂ ਕੈਬਨਿਟ (The new cabinet of Punjab) ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚੁਣੇ ਗਏ ਮੰਤਰੀਆਂ ਨੂੰ ਲੈਕੇ ਪਾਰਟੀ ਦੇ ਵਿੱਚ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ, ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਵਿਧਾਇਕ ਬਾਵਾ ਹੈਨਰੀ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਪਟਿਆਲਾ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਗਈ ਹੈ।
ਇਸ ਮੁਲਾਕਾਤ ਦੇ ਵਿੱਚ ਉਨ੍ਹਾਂ ਵੱਲੋਂ ਪੰਜਾਬ ਕੈਬਨਿਟ ਵਿੱਚ ਚੁਣੇ ਗਏ ਨਵੇਂ ਚਿਹਰਿਆਂ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਵੱਲੋਂ ਸਿੱਧੂ ਕੋਲ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਚੁਣਨ ਨੂੰ ਲੈਕੇ ਸਵਾਲ ਚੁੱਕੇ ਗਏ ਹਨ।
ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ‘ਤੇ ਮਾਈਨਿੰਗ ਨੂੰ ਲੈਕੇ ਵੱਡੇ ਇਲਜ਼ਾਮ ਹਨ। ਖਹਿਰਾ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪਾਰਟੀ ਕਹਿ ਰਹੀ ਹੈ ਕਿ ਨਵੀਂ ਕੈਬਨਿਟ ਦਾ ਇਸ ਲਈ ਵਿਸਥਾਰ ਕੀਤਾ ਗਿਆ ਹੈ ਕਿਉਂਕਿ ਕਈ ਮੰਤਰੀ ਇਲਜ਼ਾਮਾਂ ਵਿੱਚ ਘਿਰੇ ਹੋਏ ਹਨ। ਖਹਿਰਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਆਗੂ ਚੁਣਿਆ ਗਿਆ ਹੈ ਉਸ ‘ਤੇ ਕੱਢੇ ਗਏ ਮੰਤਰੀਆਂ ਤੋਂ ਵੀ ਵੱਡੇ ਇਲਜ਼ਾਮ ਲੱਗੇ ਹਨ।
ਇਸ ਮੌਕੇ ਖਹਿਰਾ ਨੇ ਕਿਹਾ ਇਸ ਮਸਲੇ ਨੂੰ ਲੈਕੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਮਸਲੇ ਨੂੰ ਲੈਕੇ ਉਨ੍ਹਾਂ ਵੱਲੋਂ ਸਿੱਧੂ ਤੱਕ ਪਹੁੰਚ ਕੀਤੀ ਗਈ ਹੈ ਕਿਉਂਕਿ ਸਿੱਧੂ ਪਾਰਟੀ ਪ੍ਰਧਾਨ ਹਨ ਤੇ ਉਹ ਹੀ ਹਾਈਕਮਾਨ ਤੱਕ ਪਾਰਟੀ ਦੀ ਗੱਲ ਪਹੁੰਚਾ ਸਕਦੇ ਹਨ।
ਖਹਿਰਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਉਨ੍ਹਾਂ ਦੀ ਗੱਲ ਪਾਰਟੀ ਹਾਈਕਮਾਨ ਤੱਕ ਜ਼ਰੂਰ ਪਹੁੰਚਾਉਣਗੇ।