ਪਟਿਆਲਾ: ਇਤਿਹਾਸ ਨੂੰ ਪੜ੍ਹਨ ਅਤੇ ਇਤਿਹਾਸਕ ਚੀਜ਼ਾ ਨੂੰ ਦੇਖਣ ਦੀ ਤਾਂਘ ਅਕਸਰ ਕਈ ਲੋਕਾਂ ਵਿੱਚ ਦੇਖੀ ਜਾਂਦੀ ਹੈ ਅਤੇ ਇਸੇ ਕਿਸਮ ਦਾ ਇੱਕ ਸ਼ਲਾਘ੍ਹਾ ਯੋਗ ਉਪਰਾਲਾ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਕਰਮਜੀਤ ਸਿੰਘ ਸੇਖੋਂ ਨੇ ਕੀਤਾ ਜਦੋਂ ਉਨ੍ਹਾਂ ਨੇ ਪੁਰਾਤਨ ਚੀਜ਼ਾਂ ਨੂੰ ਇਕੱਤਰ ਕਰ ਉਨ੍ਹਾਂ ਚੀਜ਼ਾਂ ਦੇ ਸੰਗ੍ਰਿਹ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ।
ਕਰਮਜੀਤ ਸਿੰਘ ਸੇਖੋਂ ਦਾ ਇਹ ਮਿਊਜ਼ੀਅਮ ਐਂਟੀਕ ਮਿਊਜ਼ੀਅਮ ਪਟਿਆਲਾ ਦੇ ਨਾਮ ਨਾਲ ਪ੍ਰਸਿੱਧ ਹੈ। ਕਰਮਜੀਤ ਸਿੰਘ ਸੇਖੋਂ ਵੱਲੋਂ ਤਿਆਰ ਕੀਤੇ ਇਸ ਮਿਊਜ਼ੀਅਮ ਚ ਤੁਹਾਨੂੰ 2600 ਸਾਲ ਪੁਰਾਣੇ ਮਗਧ ਸਾਮਰਾਜ ਦੇ ਸਿੱਕੇ ਤੋਂ ਲੈ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਨਾਲ ਸਬੰਧਤ ਅਖ਼ਬਾਰ ਵੀ ਦੇਖਣ ਨੂੰ ਮਿਲਣਗੇ।
ਇਸਦੇ ਨਾਲ ਹੀ ਇੱਥੇ ਪੁਰਾਤਨ ਪਿੱਤਲ ਦੇ ਬਰਤਨ, ਪੁਰਾਣੇ ਵਜ਼ਨ, 100 ਸਾਲ ਤੋਂ ਵੱਧ ਪੁਰਾਣੇ ਇਟਲੀ ਦੇ ਬਣੇ ਪੱਖਿਆਂ ਦੇ ਨਾਲ-ਨਾਲ ਹੋਰ ਕਈ ਚੀਜ਼ਾਂ ਦੇਖੀਆਂ ਜਾ ਸਕਦੀਆਂ ਹਨ।
ਗ਼ੌਰਤਲਬ ਹੈ ਕਿ ਕਰਮਜੀਤ ਸਿੰਘ ਸੇਖੋਂ ਦਾ ਇਹ ਮਿਊਜ਼ੀਅਮ ਗੂਗਲ ਉੱਤੇ ਵੀ ਚੰਗੀ ਥਾਂ ਬਨਾਉਣ ਵਿੱਚ ਕਾਮਯਾਬ ਰਿਹਾ ਹੈ ਤੇ ਇਸ ਨੂੰ ਕਈ ਸਰਕਾਰੀ ਮਿਊਜ਼ੀਅਮਾਂ ਦੀ ਤੁਲਨਾ ਵਿੱਚ ਗੂਗਲ ਉੱਤੇ ਵਧੇਰੇ ਰੇਟਿੰਗ ਵੀ ਹਾਸਲ ਹੈ।
ਜ਼ਿਕਰਯੋਗ ਹੈ ਕਿ ਮਿਊਜ਼ੀਅਮ ਦੇ ਨਾਲ-ਨਾਲ ਕਰਮਜੀਤ ਸਿੰਘ ਸੇਖੋਂ ਨੇ ਆਪਣੇ ਘਰ ਦੀ ਛੱਤ ਉੱਤੇ ਇੱਕ ਟੈਰਿਸ ਗਾਰਡਨ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਜੈਵਿਕ ਤਕਨੀਕ ਨਾਲ ਸਬਜ਼ੀਆਂ ਤੇ ਫ਼ਲਾਂ ਦੀ ਪੈਦਾਵਾਰ ਕਰਦੇ ਹਨ।
ਕਰਮਜੀਤ ਸਿੰਘ ਸੇਖੋਂ ਦੇ ਇਸ ਸ਼ਲਾਘ੍ਹਾਯੋਗ ਉਪਰਾਲੇ ਤੋਂ ਅੱਜ ਸਰਕਾਰਾਂ ਤੇ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਕਿਵੇਂ ਵਿਰਸੇ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਵਡੇਰਿਆਂ ਦੇ ਇਤਿਹਾਸ ਦੀ ਝਲਕ ਮਿਲ ਸਕੇ।