ਪਟਿਆਲਾ : ਇੱਕ ਪਾਸੇ ਜਿੱਥੇ ਚਾਰੋਂ ਪਾਸੇ ਕੋਵਿਡ-19 ਕਰਕੇ ਪੂਰੇ ਭਾਰਤ ਵਿੱਚ ਲੌਕਡਾਉਨ ਦੀ ਸਥਿਤੀ ਬਣੀ ਹੋਈ ਹੈ, ਦੂਸਰੇ ਪਾਸੇ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਕਣਕ ਦੀ ਵਾਢੀ ਕਰਕੇ ਮੰਡੀਆਂ ਤੱਕ ਫ਼ਸਲ ਪਹੁੰਚਾਉਣ ਦਾ ਸਮਾਂ ਚੱਲ ਰਿਹਾ ਹੈ।
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 15 ਅਪ੍ਰੈਲ ਤੱਕ ਮੰਡੀਆਂ ਵਿੱਚ ਆਪਣੀ ਫ਼ਸਲ ਪਹੁੰਚਾਉਣ ਲਈ ਕਿਹਾ ਹੈ, ਕਿਸਾਨ ਉਦੋਂ ਆਪਣੀ ਫ਼ਸਲ ਪਹੁੰਚਾ ਰਹੇ ਹਨ। ਕੋਵਿਡ-19 ਕਰਕੇ ਸਮਾਜਿਕ ਦੂਰੀ ਦੇ ਮੱਦੇਨਜ਼ਰ ਰੱਖਦੇ ਹੋਏ ਇੱਕ ਟਰਾਲੀ ਨਾਲ ਕੇਵਲ ਇੱਕ ਹੀ ਕਿਸਾਨ ਦੇ ਆਉਣ ਦੀ ਆਗਿਆ ਹੈ। ਦੂਸਰੇ ਪਾਸੇ ਮੰਡੀ ਬੋਰਡ ਦੇ ਕੀਤੇ ਹੋਏ ਇੰਤਜ਼ਾਮਾਂ ਤੋਂ ਕਿਸਾਨ ਨਾਖੁਸ਼ ਦਿਖਾਈ ਦੇ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਅੱਜ ਪਟਿਆਲਾ ਦੀ ਮੰਡੀ ਵਿੱਚ ਵਿਖਾਈ ਦਿੱਤੀ।
ਜਿਵੇਂ ਹੀ ਮੀਂਹ ਪਿਆ ਕਿਸਾਨਾਂ ਸਾਹਮਣੇ ਮੁਸ਼ਕਿਲ ਪੈਦਾ ਹੋ ਗਈ। ਮੰਡੀਆਂ ਵਿੱਚ ਸੁੱਟੀ ਕਣਕ ਦੀ ਫ਼ਸਲ ਉੱਪਰ ਪਾਉਣ ਦੇ ਲਈ ਤਰਪਾਲਾਂ ਵੀ ਪੂਰੀਆਂ ਕਰਨੀਆਂ ਔਖੀਆਂ ਹੋ ਗਈਆਂ। ਜਦਕਿ ਹਾਲੇ ਮੰਡੀਆਂ ਵਿੱਚ ਕਣਕ ਬਹੁਤ ਘੱਟ ਮਾਤਰਾ ਵਿੱਚ ਆ ਰਹੀ ਹੈ ਫਿਰ ਵੀ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਕੁੱਝ ਖ਼ਾਸ ਪ੍ਰਬੰਧ ਨਹੀਂ ਦਿਖਾਈ ਦੇ ਰਹੇ ਹਨ। ਚੇਅਰਮੈਨ ਆੜ੍ਹਤੀ ਐਸੋਸੀਏਸ਼ਨ ਤੋਂ ਜਦੋਂ ਪੁੱਛਿਆ ਗਿਆ ਕਿ ਮੀਂਹ ਕਾਰਨ ਕਿੰਨਾ ਕੁ ਨੁਕਸਾਨ ਹੋਇਆ ਤਾਂ ਉਸ ਨੇ ਕਿਹਾ ਕਿ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਫਿਲਹਾਲ ਜਿੱਥੇ ਕੋਵਿਡ-19 ਕਰਕੇ ਦੇਸ਼ ਵਿੱਚ ਪ੍ਰਕੋਪ ਛਾਇਆ ਹੋਇਆ ਹੈ। ਪਰ ਮੰਡੀਆਂ ਵਿੱਚ ਪਈਆਂ ਕਿਸਾਨਾਂ ਦੀਆਂ ਫਸਲਾਂ ਅਤੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਉੱਪਰ ਬਰਸਾਤ ਦੀ ਭਾਰੀ ਮਾਰ ਪੈ ਰਹੀ ਹੈ।