ਪਟਿਆਲਾ: ਸੂਬੇ ਭਰ ’ਚ ਪਿਛਲੇ ਲੰਬੇ ਸਮੇਂ ਤੋਂ ਰੁਜਗਾਰ ਦੇ ਲਈ ਕੱਚੇ ਮੁਲਾਜਮਾਂ ਅਤੇ ਬੇਰੁਜਗਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਪਟਿਆਲਾ ਵਿਖੇ ਬੇਰੁਜਗਾਰਾਂ ਨੂੰ ਕਈ ਵਾਰ ਉਨ੍ਹਾਂ ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ।

ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬੇਰੁਜ਼ਗਾਰਾਂ ਵੱਲੋਂ ਰੁਜਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਜਾਂਦੇ ਸਮੇਂ ਪੁਲਿਸ ਵੱਲੋਂ ਅਕਸਰ ਹੀ ਉਨ੍ਹਾਂ ਨੂੰ ਵਾਈਪੀਐਸ ਚੌਂਕ ’ਤੇ ਪਹਿਲਾਂ ਹੀ ਘੇਰਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਮੋੜਨ ਲਈ ਦਬਕਿਆਂ ਦੇ ਨਾਲ ਨਾਲ ਉਨ੍ਹਾਂ ’ਤੇ ਲਾਠੀ ਚਾਰਜ ਕੀਤਾ ਜਾਂਦਾ ਹੈ। ਇਸਦੇ ਬਾਵਜੁਦ ਵੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਫਰੀਆਦ ਨੂੰ ਨਹੀਂ ਸੁਣਿਆ ਜਾਂਦਾ ਹੈ।
ਦੱਸ ਦਈਏ ਕਿ ਗੁਗਲ ਵੱਲੋਂ ਇਸ ਚੌਂਕ ਨੂੰ ‘ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾ ਚੌਂਕ’ ਨਾਮ ਦੇ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਚ ਆ ਗਈ ਹੈ। ਬੇਰੁਜਗਾਰਾਂ ਤੇ ਕੀਤਾ ਜਾਣ ਵਾਲਾ ਤਸ਼ੱਦਦ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਫਿਲਹਾਲ ਇਸ ਨੂੰ ਗੁਗਲ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇਰੁਜਗਾਰ ਵੱਲੋਂ ਇਸ ਤਰ੍ਹਾਂ ਦੀ ਛੇੜਖਾਣੀ ਕੀਤੀ ਗਈ ਹੈ।