ਪਟਿਆਲਾ: ਸੰਨ 1999 ਵਿੱਚ ਹੋਏ ਕਾਰਗਿਲ ਯੁੱਧ ਵਿੱਚ ਅਨੇਕਾਂ ਹੀ ਜਵਾਨ ਸ਼ਹੀਦ ਹੋਏ ਸਨ। ਸਾਡੇ ਦੇਸ਼ ਦੀ ਸੀਮਾ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਵਿੱਚੋਂ ਸੀ ਪੰਜਾਬ ਦੇ ਨਾਭਾ ਨਜ਼ਦੀਕ ਪੈਂਦੇ ਪਿੰਡ ਅਕਾਲਗੜ੍ਹ ਦਾ ਸਿਪਾਹੀ ਗੁਰਮੇਲ ਸਿੰਘ ਜੋ ਕਿ ਬਹਾਦਰੀ ਨਾਲ ਲੜਦੇ ਹੋਏ ਕਾਰਗਿਲ ਯੁੱਧ ਵਿੱਚ ਸ਼ਹੀਦ ਹੋ ਗਿਆ ਸੀ। ਕਾਰਗਿਲ ਵਿਜੇ ਦਿਵਸ ਮੌਕੇ ਈਟੀਵੀ ਭਾਰਤ ਨੇ ਸ਼ਹੀਦ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ ਕੀਤੀ।
ਸ਼ਹੀਦ ਦੇ ਪਿਤਾ ਮਿਹਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤ ਫ਼ੌਜ ਵਿੱਚ ਭਰਤੀ ਹੋਇਆ ਸੀ ਤਾਂ ਉਸ ਦੀ ਉਮਰ 18 ਸਾਲ ਦੇ ਕਰੀਬ ਸੀ। ਜਦੋਂ ਉਹ ਸ਼ਹੀਦ ਹੋਇਆ ਸੀ ਤਾਂ ਉਸ ਦੀ ਉਮਰ ਮਹਿਜ਼ 22 ਸਾਲ ਦੀ ਸੀ।
ਮਿਹਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਾਲਜੇ ਦੇ ਟੁਕੜੇ ਨੂੰ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ, ਪਰ ਸਰਕਾਰਾਂ ਨੇ ਇਸ ਕੁਰਬਾਨੀ ਦਾ ਕੋਈ ਵੀ ਮੁੱਲ ਨਹੀਂ ਪਾਇਆ।
ਪਿਤਾ ਨੇ ਦੱਸਿਆ ਕਿ ਪਿੰਡ ਦੇ ਸਕੂਲ ਦਾ ਨਾਂਅ ਵੀ ਸ਼ਹੀਦ ਦੇ ਨਾਂਅ ਉੱਤੇ ਚੰਗੀ ਤਰ੍ਹਾਂ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਕਿਸੇ ਆਰਮੀ ਦੇ ਹਸਪਤਾਲ ਵਿਖੇ ਇਲਾਜ ਦੇ ਲਈ ਜਾਂਦੇ ਹਨ, ਤਾਂ ਉਥੇ ਵੀ ਕੋਈ ਉਨ੍ਹਾਂ ਦੀ ਸਾਰ ਨਹੀਂ ਲੈਂਦਾ, ਬਲਕਿ ਕੋਲੋਂ ਪੈਸੇ ਦੇ ਕੇ ਇਲਾਜ ਕਰਵਾਉਣਾ ਪੈਂਦਾ ਹੈ।
ਸ਼ਹੀਦ ਦੀ ਬਰਸੀ ਬਾਰੇ ਪਿਤਾ ਨੇ ਦੱਸਿਆ ਕਿ ਉਹ ਹਰ ਸਾਲ ਉਸ ਦੀ ਬਰਸੀ ਮਨਾਉਂਦੇ ਹਨ। ਪਿੰਡ ਵਿੱਚ ਜੋ ਸ਼ਹੀਦ ਦਾ ਬੁੱਤ ਲੱਗਿਆ ਹੈ ਉਹ ਵੀ ਉਨ੍ਹਾਂ ਨੇ ਆਪਣੇ ਹੀ ਪੈਸਿਆਂ ਦਾ ਲਵਾਇਆ ਹੈ।
ਉਥੇ ਹੀ ਸ਼ਹੀਦ ਦੇ ਭਤੀਜੇ ਨੇ ਦੱਸਿਆ ਕਿ ਮੇਰੇ ਚਾਚਾ ਜੀ ਨੇ ਦੇਸ਼ ਦੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ, ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਪਿੰਡ ਦੇ ਲਈ ਹੀ ਕੁੱਝ ਕੀਤਾ ਜਾਵੇ।
ਉੱਥੇ ਹੀ ਉਸ ਨੇ ਦੱਸਿਆ ਕਿ ਨਾ ਤਾਂ ਪਿੰਡ ਵਿੱਚ ਸ਼ਹੀਦ ਗੁਰਮੇਲ ਸਿੰਘ ਦੇ ਨਾਂਅ ਕੋਈ ਸਟੇਡਿਅਮ ਹੈ ਅਤੇ ਨਾ ਹੀ ਕੋਈ ਹੋਰ ਯਾਦਗਾਰ।
ਸ਼ਹੀਦ ਦੇ ਪਿਤਾ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਬਸ ਉਨ੍ਹਾਂ ਨੂੰ ਲਾਰੇ ਹੀ ਦਿੱਤੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ਵਿੱਚ ਉਸ ਦੇ ਸ਼ਹੀਦ ਪੁੱਤ ਦੀ ਕੋਈ ਯਾਦਗਾਰ ਬਣਾਈ ਜਾਵੇ ਅਤੇ ਉਸ ਦੇ ਪੋਤੇ ਨੂੰ ਕੋਈ ਬਣਦੀ ਸਰਕਾਰੀ ਨੌਕਰੀ ਦਿੱਤੀ ਜਾਵੇ।