ਪਟਿਆਲਾ: ਸਮਾਣਾ ਦੇ ਸਿਵਲ ਹਸਪਤਾਲ 'ਚ ਉਸ ਵੇਲੇ ਹੱਲਾ ਮੱਚ ਗਿਆ ਜਦ ਡਾਕਟਰ ਨੇ ਇਕ ਕਰਮਚਾਰੀ ਦੇ ਥੱਪੜ ਜੜ ਦਿੱਤਾ। ਥੱਪੜ ਦੀ ਗੂੰਜ ਤੋਂ ਬਾਅਦ ਪੈਰਾ ਮੈਡੀਕਲ ਸਟਾਫ ਅਤੇ ਦਰਜਾ ਚਾਰ ਦੇ ਕਰਮਚਾਰੀਆਂ ਨੇ ਹਸਪਤਾਲ ਵਿੱਚ ਪ੍ਰਦਰਸ਼ਨ ਕੀਤਾ ਅਤੇ ਹੜਤਾਲ ਦਾ ਐਲਾਨ ਕਰ ਦਿੱਤਾ। ਕਰਮਚਾਰੀਆਂ ਨੇ ਥੱਪੜ ਦੇ ਬਦਲੇ ਥੱਪੜ ਦੀ ਗੱਲ ਕਹੀ ਗਈ ਅਤੇ ਡਾਕਟਰ ਦੇ ਤਬਾਦਲੇ ਦੀ ਮੰਗ ਵੀ ਕੀਤੀ।
ਜਾਣਕਾਰੀ ਮੁਤਾਬਕ ਸਮਾਣਾ ਹਸਪਤਾਲ ਦੇ ਦਫ਼ਤਰ ਦੇ ਅੰਦਰ ਕੰਮ ਕਰ ਰਹੇ ਕਲਰਕ ਅਨੁਰਾਗ ਨੂੰ ਡਾਕਟਰ ਨਰੇਸ਼ ਨੇ ਆ ਕੇ ਥੱਪੜ ਜੜ ਦਿੱਤਾ। ਮਿੰਟਾਂ ਵਿੱਚ ਮਾਮਲੇ ਦੇ ਤੂਲ ਫੜਦਿਆਂ ਹੀ ਪੈਰਾ ਮੈਡੀਕਲ ਸਟਾਫ ਸਣੇ ਨਰਸਾਂ ਨੇ ਕੰਮ ਬੰਦ ਕਰਕੇ ਡਾਕਟਰ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮਗਰੋਂ ਹਸਪਤਾਲ ਵਿੱਚ ਪੁਲਿਸ ਕਰਮਚਾਰੀ ਵੀ ਪਹੁੰਚੇ ਅਤੇ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਇਸ ਮੌਕੇ ਪੀੜਤ ਨੇ ਕਿਹਾ ਕਿ ਡਾਕਟਰ ਨੇ ਬਿਨਾਂ ਕਿਸੇ ਵਜ੍ਹਾ ਤੋਂ ਮੇਰੇ ਥੱਪੜ ਮਾਰਿਆ ਅਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਪੈਰਾ ਮੈਡੀਕਲ ਸਟਾਫ਼ ਦੇ ਪ੍ਰਧਾਨ ਪਰਮਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਦਮਾਸ਼ੀ ਕਿਸੇ ਵੀ ਕੀਮਤ 'ਤੇ ਬਰਦਾਸ਼ ਨਹੀਂ ਕੀਤੀ ਜਾਵੇਗੀ ਅਤੇ ਅਸੀਂ ਥੱਪੜ ਦਾ ਬਦਲਾ ਥੱਪੜ ਨਾਲ ਲਵਾਂਗੇ। ਦੂਜੇ ਪਾਸੇ ਡਾਕਟਰ ਨਰੇਸ਼ ਨੇ ਥੱਪੜ ਮਾਰ ਦੇ ਮਾਮਲੇ ਬਾਰੇ ਕੈਮਰੇ ਸਾਹਮਣੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ।