ਪਟਿਆਲਾ: ਨੌਕਰੀਉਂ ਫਾਰਗ ਕੀਤੇ ਕੋਰੋਨਾ ਯੋਧਿਆਂ ਵੱਲੋਂ ਅੱਜ ਨੌਕਰੀ ਦੀ ਮੰਗ ਨੂੰ ਲੈ ਕੇ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਸ਼ਾਸਨ ਵੱਲੋਂ ਰਸਤੇ ਵਿੱਚ ਰੋਕੇ ਜਾਣ ਮਗਰੋਂ ਕੋਰੋਨਾ ਯੋਧਿਆਂ ਨੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਹੀ ਧਰਨਾ ਲਗਾ ਦਿੱਤਾ।
ਵਲੰਟੀਅਰ ਨੇ ਇਕੋ ਮੰਗ ਰੱਖੀ ਕਿ ਉਨ੍ਹਾਂ ਨੂੰ ਵਾਅਦੇ ਮੁਤਾਬਕ ਨੌਕਰੀ ਉਤੇ ਦੁਬਾਰਾ ਰੱਖਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਕੋਰੋਨਾ ਮਹਾਂਮਾਰੀ ਆਵੇਗੀ ਉਨ੍ਹਾਂ ਦੀ ਨੌਕਰੀ ਜਾਰੀ ਰਹੇਗੀ ਪਰ ਹੁਣ ਕਈ ਮੌਤਾਂ ਹੋ ਚੁੱਕੀਆਂ ਪਰ ਸਾਨੂੰ ਸਰਕਾਰ ਨੌਕਰੀ 'ਤੇ ਨਹੀਂ ਰੱਖ ਰਹੀ।
ਪ੍ਰਸ਼ਾਸਨ ਵੱਲੋਂ ਕੋਰੋਨਾ ਯੋਧਿਆਂ ਨੂੰ ਇਕ ਤਾਰੀਖ਼ ਨੂੰ ਸਾਂਸਦ ਪਰਨੀਤ ਕੌਰ ਨਾਲ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਵਲੰਟੀਅਰਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਕੋਰੋਨਾ ਵਲੰਟੀਅਰਜ਼ ਦੇ ਪ੍ਰਧਾਨ ਰਾਜਵਿੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਨੂੰ ਜਦੋਂ ਨੌਕਰੀ ਤੇ ਰੱਖਿਆ ਗਿਆ ਸੀ ਉਦੋਂ ਕੋਰੋਨਾ ਬਹੁਤ ਜ਼ਿਆਦਾ ਦਹਿਸ਼ਤ ਸੀ ਜਦੋਂ ਕੋਰੋਨਾ ਮਹਾਮਾਰੀ ਘੱਟ ਗਈ ਤਾਂ ਸਰਕਾਰ ਨੇ ਸਾਨੂੰ ਨੌਕਰੀ ਤੋਂ ਕੱਢ ਦਿੱਤਾ। ਜਦੋਂ ਹੁਣ ਮੁੜ ਤੋਂ ਕੋਰੋਨਾ ਵਾਪਸ ਆ ਗਿਆ ਤਾਂ ਸਰਕਾਰ ਸਾਨੂੰ ਨੌਕਰੀ ਤੇ ਨਹੀਂ ਰੱਖ ਰਹੀ। ਇਸ ਲਈ ਅਸੀਂ ਅੱਜ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਹੈ। ਪ੍ਰਸ਼ਾਸਨ ਨੇ ਹੁਣ ਸਾਨੂੰ ਗੱਲਬਾਤ ਦਾ ਭਰੋਸਾ ਦਿਵਾਇਆ ਹੈ ਜੇ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।