ਪਟਿਆਲਾ: ਪੂਰੀ ਦੁਨੀਆ ਵਿੱਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਭ ਲੋਕਾਂ ਨੂੰ ਇੱਕ ਵਖ਼ਤ ਦੀ ਰੋਟੀ ਲਈ ਚਿੰਤਾਂ 'ਚ ਪਾ ਦਿੱਤਾ ਹੈ। ਵਿਸ਼ਵ ਭਰ 'ਚ ਫੈਲੀ ਇਸ ਲਾਗ ਨੇ ਲੋਕਾਂ ਦੇ ਕੰਮ ਕਾਜ ਉੱਪਰ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਪੰਜਾਬ ਭਰ ਵਿੱਚ ਹੋਏ ਲੌਕਡਾਊਨ ਨੇ ਵੱਡੇ ਅਤੇ ਛੋਟੇ ਤਬਕੇ ਦੇ ਕਾਰੋਬਾਰਾਂ ਨੂੰ ਠੱਪ ਕਰ ਦਿੱਤਾ ਹੈ।
ਕਿਸਾਨੀ, ਉਦਯੋਗ, ਮਜ਼ਦੂਰੀ ਅਤੇ ਆਰਥਿਕਤਾ ਦੇ ਚੂਲੇ ਹਿਲਾਉਣ ਮਗਰੋਂ ਕੋਰੋਨਾ ਦੀ ਮਾਰ ਨਿਜੀ ਟਰਾਂਸਪੋਰਟ 'ਤੇ ਵੀ ਵੇਖਣ ਨੂੰ ਮਿਲ ਰਹੀ ਹੈ। ਪ੍ਰਾਈਵੇਟ ਚੱਲਣ ਵਾਲੀਆਂ ਵੱਡੀਆਂ ਬੱਸਾਂ, ਸ਼ਹਿਰਾਂ ਵਿੱਚ ਚੱਲਣ ਵਾਲੀਆਂ ਮਿੰਨੀ ਬੱਸਾਂ ਅਤੇ ਟੈਕਸੀ ਚਲਾ ਕੇ ਗੁਜ਼ਾਰਾ ਕਰਨ ਵਾਲੇ ਲੋਕ ਲੌਕਡਾਊਨ ਕਾਰਨ ਮੰਦੀ ਤੋਂ ਗੁਜ਼ਰ ਰਹੇ ਹਨ।
ਇਸ ਤੋਂ ਇਲਾਵਾ ਲੌਕਡਾਊਨ ਖੁੱਲਣ ਤੋਂ ਬਾਅਦ ਵਿਹਲੀਆਂ ਖੜ੍ਹੀਆਂ ਗੱਡੀਆਂ ਦੇ ਮਾਲਕਾਂ ਨੂੰ ਗੱਡੀਆਂ ਦੇ ਤਕਨੀਕੀ ਨੁਕਸਾਨ ਝੱਲਣੇ ਪੈ ਸਕਦੇ ਹਨ। ਕਿਉਂਕਿ ਖੜੀਆਂ ਗੱਡੀਆਂ ਦੇ ਟਾਇਰ, ਬੈਟਰੀਆਂ ਇੰਜਨ ਬਾਕੀ ਜ਼ਰੂਰੀ ਅੰਦਰੂਨੀ ਪੁਰਜੇ ਵੀ ਖਰਾਬ ਹੋ ਜਾਣਗੇ, ਜੋ ਕਿ ਦੁਬਾਰਾ ਰਿਪੇਅਰ ਕਰਨੇ ਪੈਣਗੇ।
ਉੱਥੇ ਹੀ ਛੋਟੀਆਂ ਗੱਡੀਆਂ ਚਲਾ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਰਜ਼ਾ ਚੱਕ ਕੇ ਇਹ ਗੱਡੀਆਂ ਲੋਨ 'ਤੇ ਲਈਆਂ ਹੋਈਆਂ ਹਨ। ਪਰ ਕੰਮਕਾਜ ਸਭ ਬੰਦ ਹੋਣ ਕਰਕੇ ਲੋਨ ਦੀਆਂ ਕਿਸ਼ਤਾਂ ਭਰਨ ਦਾ ਡਰ ਬਣਿਆ ਹੋਇਆ ਹੈ। ਚਾਹੇ ਸਰਕਾਰ ਨੇ ਤਿੰਨ ਮਹੀਨੇ ਵਾਸਤੇ ਕਿਸ਼ਤਾਂ ਅੱਗੇ ਕਰਨ ਦੇ ਹੁਕਮ ਦਿੱਤੇ ਹਨ ਪਰ ਬੈਕਾਂ ਦਾ ਕਹਿਣਾ ਹੈ ਕਿ ਕਿਸ਼ਤਾਂ ਅੱਗੇ ਜ਼ਰੂਰ ਹੋਈਆਂ ਹਨ ਪਰ ਵਿਆਜ ਵਿੱਚ ਕੋਈ ਰਿਆਇਤ ਨਹੀਂ ਮਿਲੇਗੀ।