ਪਟਿਆਲਾ: ਕੋਵਿਡ-19 ਦੇ ਵਧਦੇ ਪ੍ਰਕੋਪ 'ਤੇ ਠੱਲ੍ਹ ਪਾਉਣ ਲਈ ਕੈਪਟਨ ਸਰਕਾਰ ਨੇ ਸੂਬੇ ਅੰਦਰ ਅਣਮਿੱਥੇ ਸਮੇਂ ਲਈ ਕਰਫਿਉ ਲਗਾ ਦਿੱਤਾ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਪੂਰੇ ਮੁਲਕ 'ਚ ਮੁਕੰਮਲ ਬੰਦ ਰਿਹਾ ਸੀ। ਸੋਮਵਾਰ ਤੋਂ ਸੂਬਿਆਂ ਨੇ ਆਪਣੇ ਪੱਧਰ 'ਤੇ ਬੰਦ ਦਾ ਐਲਾਨ ਕੀਤਾ। ਇਸ ਦੇ ਮੱਦੇਨਜ਼ਰ ਪਟਿਆਲਾ ਵਿੱਚ ਡੀਸੀ ਨੇ ਪੁਲਿਸ ਅਧਿਕਾਰੀਆਂ ਨਾਲ ਸ਼ਹਿਰ ਦਾ ਜਾਇਜ਼ਾ ਲਿਆ।
ਪਟਿਆਲਾ ਦੇ ਡੀਸੀ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਜਿਵੇਂ ਕਿ ਅਨਾਰਦਾਨਾ ਚੌਕ, ਧਰਮਪੁਰਾ ਬਾਜ਼ਾਰ, ਅਦਾਲਤ ਬਾਜ਼ਾਰ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਜੇਕਰ ਕੋਈ ਆਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ 'ਤੇ ਪਰਚਾ ਵੀ ਦਰਜ ਕੀਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ 'ਚ ਕੋਵਿਡ-19 ਦੇ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 1 ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਮੁਕੰਮਲ ਤਾਲਾਬੰਦੀ ਕੀਤੀ ਤੇ ਸੋਮਵਾਰ ਨੂੰ ਅਣਮਿੱਥੇ ਸਮੇਂ ਲਈ ਕਰਫਿਉ ਲਗਾ ਦਿੱਤਾ। ਭਾਰਤ 'ਚ ਵੀ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਹ ਅੰਕੜਾ ਹੁਣ ਵੱਧ ਕੇ 400 ਤੋਂ ਪਾਰ ਹੋ ਗਿਆ ਹੈ ਤੇ ਮ੍ਰਿਤਕਾਂ ਦੀ ਗਿਣਤੀ 8 ਹੋ ਗਈ।