ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ ਅਤੇ ਕਿਸਾਨਾਂ ਦੇ ਦਿੱਲੀ ਧਰਨੇ 'ਤੇ ਕਈ ਕਿਸਾਨ ਸ਼ਹੀਦ ਵੀ ਹੋਏ ਹਨ। ਕਿਸਾਨਾਂ ਨੂੰ ਨਾ ਤਾਂ ਠੰਡ ਦੀ ਪ੍ਰਵਾਹ ਹੈ ਅਤੇ ਨਾ ਹੀ ਮੀਂਹ ਦੀ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
ਖ਼ੁਦਕੁਸ਼ੀਆਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ
ਗਾਜ਼ੀਪੁਰ ਵਿਖੇ ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਚੰਦੂਮਾਜਰਾ ਨੇ ਕਿਹਾ ਕਿ ਹੁਣ ਨਵਾਂ ਸਾਲ ਚੜ੍ਹ ਗਿਆ ਹੈ ਅਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਇਸ ਦਾ ਨਤੀਜਾ ਕੱਢਣਾ ਚਾਹੀਦਾ ਹੈ।
ਕੈਪਟਨ ਨੂੰ ਏਕਤਾ ਦਿਖਾਉਣ ਦੀ ਲੋੜ
ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਅੱਗੇ ਗੋਹਾ ਸੁੱਟਣ ਅਤੇ ਰੋਸ ਪ੍ਰਦਰਸ਼ਨ ਕਰਨ 'ਤੇ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਏਕਤਾ ਦਿਖਾਉਣੀ ਚਾਹੀਦੀ ਹੈ ਪਰ ਬਦਕਿਸਮਤੀ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਜਾਇਜ਼ ਮਾਈਨਿੰਗ ਸ਼ਰਾਬ ਅਤੇ ਜਾਅਲੀ ਸੈਨੀਟਾਈਜ਼ਰ ਫ਼ੈਕਟਰੀਆਂ ਫੜੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਨੇ ਕਾਲਾ ਧੰਦਾ ਸ਼ੁਰੂ ਕੀਤਾ ਹੋਇਆ ਹੈ।
ਰਾਜਪਾਲ ਨੂੰ ਸੂਬੇ ਦਾ ਧਿਆਨ ਰੱਖਣਾ ਚਾਹੀਦੈ
ਪਿਛਲੇ ਦਿਨੀਂ ਭਾਜਪਾ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਰਾਜਪਾਲ ਨੂੰ ਕਿਹਾ ਸੀ ਕਿ ਪੰਜਾਬ ਦੇ ਕਿਸਾਨ ਸਾਨੂੰ ਘੇਰ ਰਹੇ ਹਨ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਰਾਜਪਾਲ ਨੂੰ ਸੂਬੇ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਇੱਕ ਪਾਰਟੀ ਦਾ ਹੋ ਕੇ ਰਹਿਣਾ ਚਾਹੀਦਾ ਹੈ। ਭਾਜਪਾ ਆਗੂ ਕਿਸਾਨਾਂ ਦੇ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਹਨ, ਜਿਸ ਕਰ ਕੇ ਕਿਸਾਨ ਬੀਜੇਪੀ ਆਗੂਆਂ ਨੂੰ ਘੇਰ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਆਗੂ ਗਲਤ ਬਿਆਨਬਾਜ਼ੀ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।
ਭਾਜਪਾ ਆਗੂ ਆਪਣੀ ਬੋਲੀ ਹੀ ਸੁਧਾਰ ਲੈਣ
ਲੁਧਿਆਣਾ ਵਿਖੇ ਭਾਜਪਾ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਬਾਰੇ ਚੰਦੂਮਾਜਰਾ ਦਾ ਕਹਿਣਾ ਹੈ ਨਾ ਹੀ ਪਰਚੇ ਦਰਜ ਕਰਵਾਉਣ ਦੀ ਲੋੜ ਹੈ ਨਾ ਹੀ ਰੋਸ ਪ੍ਰਦਰਸ਼ਨ ਕਰਨ ਦੀ। ਭਾਜਪਾ ਆਗੂ ਆਪਣੀ ਬੋਲੀ ਹੀ ਸੁਧਾਰ ਲੈਣ। ਉਨ੍ਹਾਂ ਕਿਹਾ ਕਿ ਭਾਜਪਾ ਦੀ ਬੋਲੀ ਨੇ ਹੀ ਬਲਦੀ 'ਤੇ ਤੇਲ ਦਾ ਕੰਮ ਕੀਤਾ ਹੈ। ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਨੂੰ ਤਾਂ ਕਿਸਾਨਾਂ ਦੀ ਸੁੱਖ ਮੰਗਣੀ ਚਾਹੀਦੀ ਹੈ। ਪਹਿਲਾਂ ਕਾਂਗਰਸੀਏ ਇਹੀ ਗੇਮ ਖੇਡਦੇ ਸਨ ਅਤੇ ਹੁਣ ਭਾਜਪਾ ਨੇ ਇਹ ਗੇਮ ਖੇਡਣੀ ਸ਼ੁਰੂ ਕਰ ਦਿੱਤੀ।
ਪਾਰਟੀਆਂ ਤੋਂ ਉੱਪਰ ਉੱਠ ਕੇ ਆਵਾਜ਼ ਪਹੁੰਚਾਉਣ ਦੀ ਲੋੜ
ਕੈਪਟਨ ਸਰਕਾਰ ਵੱਲੋਂ ਹੁਣ ਕਿਸਾਨਾਂ ਉੱਤੇ ਕੀਤੇ ਪਰਚਿਆਂ 'ਤੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਸਾਰਿਆਂ ਦੀ ਲੜਾਈ ਹੈ। ਇਸ ਕਰ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ ਨਾ ਕਿ ਦੋਗਲੀ ਰਾਜਨੀਤੀ ਕਰਨੀ ਚਾਹੀਦੀ ਹੈ।
ਦਿੱਲੀ ਸੰਘਰਸ਼ 'ਤੇ ਪਵੇਗਾ ਨਗਰ ਕੌਂਸਲ ਦੀਆਂ ਚੋਣਾਂ ਦਾ ਅਸਰ
ਚੰਦੂਮਾਜਰਾ ਨੇ ਕਿਹਾ ਕਿ ਕਿਸਾਨੀ ਮੁੱਦਾ ਜਦੋਂ ਤੱਕ ਖ਼ਤਮ ਨਹੀਂ ਹੁੰਦਾ ਉਦੋਂ ਤੱਕ ਨਗਰ ਕੌਂਸਲ ਦੀਆਂ ਚੋਣਾਂ ਨਹੀਂ ਕਰਵਾਉਣੀਆਂ ਚਾਹੀਦੀਆਂ ਕਿਉਂਕਿ ਇਸ ਦੇ ਨਾਲ ਆਪਸ ਵਿੱਚ ਫੁੱਟਬਾਜ਼ੀ ਸਾਹਮਣੇ ਆਵੇਗੀ ਅਤੇ ਦਿੱਲੀ ਸੰਘਰਸ਼ 'ਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ।
26 ਜਨਵਰੀ ਨੂੰ ਦਿੱਲੀ ਵਿੱਚ ਟ੍ਰੈਕਟਰ ਮਾਰਚ
ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਟ੍ਰੈਕਟਰ ਮਾਰਚ ਕੱਢਣ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਆਸ ਹੈ ਕਿ 26 ਜਨਵਰੀ ਤੋਂ ਪਹਿਲਾਂ-ਪਹਿਲਾਂ ਪ੍ਰਧਾਨ ਮੰਤਰੀ ਕਿਸਾਨੀ ਅੰਦੋਲਨ ਦਾ ਕੋਈ ਹੱਲ ਕੱਢਣਗੇ, ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ।