ਪਟਿਆਲਾ: ਅਧਿਆਪਕ ਜੋ ਕਿ ਵਿਦਿਆਰਥੀਆਂ ਦਾ ਚੰਗਾ ਭਵਿੱਖ ਬਣਾਉਂਦੇ ਹਨ, ਪਰ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰੋਫ਼ੈਸਰਾਂ ਨੂੰ ਆਪਣੇ ਹੀ ਭਵਿੱਖ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਕਾਲਜ ਵਿੱਚ ਹੁੰਦੇ ਘਪਲਿਆਂ ਤੋਂ ਪਰਦਾ ਚੁੱਕਣ ਕਾਰਨ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਸਣੇ ਕੰਪਿਊਟਰ ਸਾਇੰਸ ਅਤੇ ਬਾਇਓਟੈੱਕ ਦੇ ਪ੍ਰੋਫੈਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਸਾਬਕਾ ਪ੍ਰਿੰਸੀਪਲ ਨੇ ਗਲਤ ਤਰੀਕੇ ਕੀਤੀ ਭਰਤੀ
ਮਹਿੰਦਰਾ ਕਾਲਜ ਦੇ ਪ੍ਰੋਫੈਸਰ ਅਮਰਿੰਦਰ ਸਿੰਘ ਟਿਵਾਣਾ ਨੇ ਕਾਲਜ ਪ੍ਰਸ਼ਾਸਨ ਉੱਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਜਾਣਕਾਰੀ ਦਿੱਤੇ ਕਾਲਜ ਤੋਂ ਕੱਢ ਦਿੱਤਾ ਗਿਆ। ਜਿਸ ਨੂੰ ਲੈ ਕੇ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕਾਲਜ ਪ੍ਰਸ਼ਾਸਨ ਦੀਆਂ ਸ਼ਿਕਾਇਤਾਂ ਡੀ.ਪੀ.ਈ.ਆਈ ਡਾਇਰੈਕਟਰ, ਵਿਜੀਲੈਂਸ ਵਿਭਾਗ ਪੰਜਾਬ ਨੂੰ ਵੀ ਕੀਤੀਆਂ ਹਨ। ਪ੍ਰੋ. ਟਿਵਾਣਾ ਨੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਉੱਤੇ ਦੋਸ਼ ਲਾਏ ਕਿ ਉਨ੍ਹਾਂ ਨੇ ਗ਼ਲਤ ਤਰੀਕੇ ਨਾਲ ਆਪਣੇ ਜਾਣ-ਪਹਿਚਾਣ ਵਾਲਿਆਂ ਨੂੰ ਨੌਕਰੀਆਂ ਦਿੱਤੀਆਂ ਹਨ।
ਕਾਲਜ ਬਰਬਾਦ ਕਰ ਰਿਹੈ ਫੰਡ
ਪ੍ਰੋ. ਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਆਪਣੀਆਂ ਤਨਖ਼ਾਹਾਂ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵੱਲੋਂ ਨਾ ਤਾਂ ਪੀਐੱਫ਼ ਦੀ ਕਟੌਤੀ ਕੀਤੀ ਜਾਂਦੀ ਹੈ, ਨਾ ਹੀ ਉਨ੍ਹਾਂ ਨੂੰ ਸਰਕਾਰੀ ਗਜਟ ਮੁਤਾਬਿਕ ਬਣਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ, ਇਸ ਕਰ ਕੇ ਅਸੀਂ ਕਾਲਜ ਤੋਂ ਮੰਗ ਕੀਤੀ ਕਿ ਸਾਡੀ ਤਨਖ਼ਾਹ ਵਿੱਚ ਵਾਧਾ ਕੀਤਾ ਜਾਵੇ। ਇਸੇ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਉਨ੍ਹਾਂ ਦੇ ਵਿਰੁੱਧ ਹੋ ਗਿਆ ਅਤੇ ਉਨ੍ਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ।
ਸਾਬਕਾ ਪ੍ਰਿੰਸੀਪਲ ਹਾਂਡਾ 'ਤੇ ਘਪਲੇ ਦੇ ਦੋਸ਼
ਪ੍ਰੋ. ਟਿਵਾਣਾ ਨੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਰਹੀ ਸੰਗੀਤਾ ਹਾਂਡਾ ਵਿਰੁੱਧ ਦੋਸ਼ ਲਾਏ ਹਨ, ਉਨ੍ਹਾਂ ਨੇ ਲੋੜ ਤੋਂ ਵੱਧ 50 ਹਜ਼ਾਰ ਖਰਚੇ ਹਨ। ਜਿਸ ਦੀ ਕਿ ਵਿਜੀਲੈਂਸ ਵਿਭਾਗ ਕੋਲ ਪੜਤਾਲ ਚੱਲ ਰਹੀ ਹੈ। ਟਿਵਾਣਾ ਦਾ ਕਹਿਣਾ ਹੈ ਕਿ ਕਾਲਜ ਨੇ ਉਨ੍ਹਾਂ 'ਤੇ ਪ੍ਰੈੱਸ ਕੋਲ ਜਾਣ ਦੇ ਦੋਸ਼ ਲਾ ਕੇ ਕਾਲਜ ਵਿੱਚੋਂ ਕੱਢ ਦਿੱਤਾ। ਉਨ੍ਹਾਂ ਕਹਾ ਕਿ ਇਸੇ ਤਰ੍ਹਾਂ ਕਾਲਜ ਦੀ ਇੱਕ ਹੋਰ ਪ੍ਰੋਫੈਸਰ ਰੇਨੂੰ ਵੀ ਪ੍ਰੈੱਸ ਕੋਲ ਗਈ ਸੀ ਤੇ ਉਸ ਨੂੰ ਕਾਲਜ ਵਿੱਚੋਂ ਨਹੀਂ ਕੱਢਿਆ ਗਿਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਬਕਾਇਦਾ ਕਾਲਜ ਦੀ ਨਵੀਂ ਪ੍ਰਿੰਸੀਪਲ ਸਿਮਰਤ ਕੌਰ ਨੂੰ ਲਿਖਤੀ ਰੂਪ ਵਿੱਚ ਵੀ ਦੇ ਚੁੱਕੇ ਹਾਂ। ਉਨ੍ਹਾਂ ਮੰਗ ਕੀਤੀ ਕਿ ਕਾਲਜ ਦੀ ਸਾਬਕਾ ਪ੍ਰਿੰਸੀਪਲ ਸੰਗੀਤਾ ਹਾਂਡਾ ਅਤੇ ਮੈਡਮ ਰੇਨੂੰ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
ਉਧਰ ਜਦੋਂ ਸਰਕਾਰੀ ਮਹਿੰਦਰਾ ਕਾਲਜ ਦੀ ਮੌਜੂਦਾ ਪ੍ਰਿੰਸੀਪਲ ਸਿਮਰਤ ਕੌਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਪ੍ਰਿੰਸੀਪਲ ਅਹੁਦਾ ਸੰਭਾਲਣ ਤੋਂ ਪਹਿਲਾਂ ਦਾ ਹੈ ਇਸ ਲਈ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ ਜਦੋਂਕਿ ਸਾਬਕਾ ਪ੍ਰਿੰਸੀਪਲ ਸੰਗੀਤਾ ਹਾਂਡਾ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣਾ ਪੱਖ ਰੱਖਣ ਵਿੱਚ ਅਸਮਰੱਥ ਰਹੇ।
ਦੱਸ ਦਈਏ ਕਿ ਪਟਿਆਲਾ ਦਾ ਸਰਕਾਰੀ ਮਹਿੰਦਰਾ ਕਾਲਜ, ਜੋ ਕਿ ਕੋਲਕਾਤਾ ਤੋਂ ਬਾਅਦ ਸ਼ਹਿਰ ਵਾਸੀਆਂ ਲਈ ਰਾਜਸੀ ਪਰਿਵਾਰ ਵੱਲੋਂ ਉਸਾਰਿਆ ਗਿਆ ਦੂਸਰਾ ਕਾਲਜ ਹੈ ਅਤੇ ਇਸ ਕਾਲਜ ਵਿੱਚ ਦੂਰੋਂ-ਦੂਰੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ।