ਪਟਿਆਲਾ:ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਨੇ ਸੂਬੇ ਦੀਆਂ ਜੇਲਾਂ 'ਚ ਬੰਦੀਆਂ ਨੂੰ ਸੁਧਾਰਨ ਹਿੱਤ ਤਿੰਨ ਅਹਿਮ ਪ੍ਰਾਜੈਕਟਾਂ (Three important projects) ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬੰਦੀਆਂ ਲਈ ਸਜਾ ਮੁਆਫ਼ੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਬਹੁਤ ਜਲਦ ਪ੍ਰਵਾਨਗੀ ਮਿਲ ਜਾਵੇਗੀ।
ਸੁਖਜਿੰਦਰ ਸਿੰਘ ਰੰਧਾਵਾ ਤੀਜੀਆਂ 'ਪੰਜਾਬ ਜੇਲ ਉਲੰਪਿਕ-2021' (Punjab Jail Olympics-2021) ਖੇਡਾਂ ਦੀ ਸਮਾਪਤੀ ਮੌਕੇ, ਜੇਤੂ ਬੰਦੀ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਹੋਏ ਸਨ। ਇਨ੍ਹਾਂ ਖੇਡਾਂ 'ਚ ਪਟਿਆਲਾ ਕੇਂਦਰੀ ਜੇਲ ਓਵਰਆਲ ਜੇਤੂ ਰਹੀ।ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੌਰਾਨ ਦੱਸਿਆ ਕਿ ਬੰਦੀਆਂ ਨੂੰ ਅਸਲ ਅਰਥਾਂ 'ਚ ਸੁਧਾਰਨ ਲਈ ਸ਼ੁਰੂ ਕੀਤੇ ਤਿੰਨੇ ਪ੍ਰਾਜੈਕਟਾਂ, 'ਸਿੱਖਿਆ ਦੀ ਦਾਤ', ਜਿਸ 'ਚ ਬੰਦੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ ਸਮੇਤ 'ਗਲਵਕੜੀ', ਜਿਸ ਤਹਿਤ ਬੰਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਅ ਕੇ ਆਪਣੀ ਜਿੰਦਗੀ ਬਿਹਤਰ ਬਨਾਉਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ 'ਸਮਾਧਾਨ', ਜਿਸ ਨਾਲ ਬੰਦੀਆਂ ਨੂੰ ਜੇਲ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ 181 ਕਾਲ ਸੈਂਟਰ 'ਤੇ ਫੋਨ ਕਾਲ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਅਗਵਾਈ ਹੇਠ ਅਰੰਭ ਕੀਤੇ ਗਏ ਜੇਲ ਸੁਧਾਰਾਂ ਨਾਲ ਅਗਲੇ ਦੋ ਸਾਲਾਂ 'ਚ ਸਮੁੱਚੀਆਂ ਜੇਲਾਂ ਦੀ ਕਾਇਆਂ ਕਲਪ ਹੋ ਜਾਵੇਗੀ।
ਰੰਧਾਵਾ ਨੇ ਦੱਸਿਆ ਹੈ ਕਿ ਬੰਦੀਆਂ ਨੂੰ ਹੁਨਰਮੰਦ ਬਨਾਉਣ ਲਈ ਕਪੂਰਥਲਾ ਜੇਲ ਤੋਂ 10 ਦਸੰਬਰ ਤੋਂ ਸਕਿਲ ਡਿਵੈਲਪਮੈਂਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ ਰਾਜ ਦੀਆਂ ਜੇਲਾਂ 'ਚ ਬੰਦੀਆਂ ਭਲਾਈ ਲਈ ਫੰਡ ਜੁਟਾਉਣ ਲਈ 11 ਜੇਲਾਂ 'ਚ ਪੈਟਰੋਲ ਪੰਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲਾਂ ਦੇ ਆਧੁਨਿਕੀਕਰਨ ਸਮੇਤ ਬਾਡੀ ਸਕੈਨਿੰਗ ਅਤੇ ਪਰਿਵਾਰਾਂ ਨੂੰ ਫੋਨ ਕਰਨ ਲਈ 15 ਮਿੰਟ ਰੋਜ਼ ਦੇ ਦਿੱਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਬੰਦੀਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਵੇਰਕਾ, ਮਾਰਕਫੈਡ, ਮਿਲਕਫੂਡ, ਮਿਲਕਫੈਡ, ਸੂਗਰਫੈਡ ਦਾ ਸਮਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਰੰਧਾਵਾ ਨੇ ਦੱਸਿਆ ਕਿ ਜੇਲਾਂ ਦੀਆਂ ਫੈਕਟਰੀਆਂ ਨੂੰ ਵੱਡੇ ਪੱਧਰ 'ਤੇ ਚਲਾਉਣ ਲਈ ਬਾਹਰੀ ਕੰਪਨੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ, ਅੰਮ੍ਰਿਤਸਰ ਜੇਲ 'ਚ ਟਾਈਲ ਫੈਕਟਰੀ ਅਤੇ ਲੁਧਿਆਣਾ ਜੇਲ ਦੀ ਨਮਕੀਨ ਫੈਕਟਰੀ ਵੀ ਚਲਾਈ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਲਾਂ 'ਚ ਬੰਦ ਗੁੰਡਾ ਅਨਸਰ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਕਾਰਾ ਕੀਤਾ ਹੈ, ਨੂੰ ਇਹ ਦੱਸਿਆ ਗਿਆ ਹੈ ਕਿ ਜੇਲਾਂ ਕੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ 'ਚੋਂ ਦੂਜਾ ਸੂਬਾ ਹੈ, ਜਿੱਥੇ ਜੇਲ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜੋ:ਵਾਹਗਾ ਬਾਰਡਰ 'ਤੇ ਬੱਚੇ ਨੇ ਲਿਆ ਜਨਮ, ਨਾਂ ਰੱਖਿਆ ਬਾਰਡਰ, ਜਾਣੋ ਕਿਉਂ ?