ਪਠਾਨਕੋਟ: ਦੇਸ਼ ਭਰ ਵਿਚ ਕਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਭਿਆਨਕ ਵਾਇਰਸ ਨੇ ਬਹੁਤ ਸਾਰੇ ਲੋਕਾਂ ਨੂੰ ਜਕੜ ਲਿਆ ਹੈ। ਉਥੇ ਹੁਣ ਇਸ ਵਾਇਰਸ ਦਾ ਅਸਰ ਮੁਰਗੀਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਤੇ ਉਨ੍ਹਾਂ ਦੀ ਮੌਤ ਹੋ ਰਹੀ ਹੈ। ਸਿਰਫ ਫਰਕ ਇਹ ਹੈ ਕਿ ਇਨ੍ਹਾਂ ਮੁਰਗੀਆਂ ਦੀ ਮੌਤ ਦਾ ਕਾਰਨ ਕੋਰੋਨਾ ਵਾਇਰਸ ਨਹੀਂ ਬਲਕਿ ਕੋਰੋਨਾ ਵਾਇਰਸ ਕੇ ਕਾਰਨ ਲੱਗਿਆ ਕਰਫਿਊ ਹੈ।
ਕਰਫਿਊ ਲੱਗਣ ਕਾਰਨ ਪਿਛਲੇ 3 ਦਿਨਾਂ ਤੋਂ ਪੋਲਟਰੀ ਫਾਰਮ ਵਿੱਚ ਮੁਰਗੀਆਂ ਦੇ ਖਾਣ ਲਈ ਫੀਡ ਨਹੀਂ ਪਹੁੰਚ ਸਕੀ ਹੈ ਜਿਸ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਮੁਰਗੀਆਂ ਨੇ ਆਪਣੀ ਹੀ ਸਾਥੀ ਮੁਰਗੀਆਂ ਨੂੰ ਖਾਣਾ ਸ਼ੁਰੂ ਕਰ ਦਿਤਾ ਹੈ। ਰੋਜ਼ ਹਜ਼ਾਰਾਂ ਦੀਆਂ ਸੰਖਿਆ ਵਿਚ ਮੁਰਗੇ-ਮੁਰਗੀਆਂ ਖਤਮ ਹੋ ਰਹੀਆਂ ਹਨ।
ਇੰਨੀ ਵੱਡੀ ਗਿਣਤੀ ਚ ਮੁਰਗੀਆਂ ਦੀ ਮੌਤ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਵੀ ਕੋਈ ਨਵੀਂ ਬਿਮਾਰੀ ਜਾਂ ਵਾਇਰਸ ਨਾ ਫੈਲ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਥੇ ਇਕ ਪਾਸੇ ਕੋਰੋਨਾ ਵਾਇਰਸ ਕਾਰਨ ਲੋਕ ਡਰੇ ਹੋਏ ਹਨ ਤੇ ਦੂਜੇ ਪਾਸੇ ਹੁਣ ਪਠਾਨਕੋਟ ਦੇ ਪਿੰਡ ਐਮਾਂਗੁਜਰਾ ਵਿਚ ਹੀ ਨਵੀਂ ਬਿਮਾਰੀ ਫੈਲਣ ਦਾ ਡਰ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਵੱਲ ਜਲਦੀ ਧਿਆਨ ਦੇਣ ਦੀ ਮੰਗ ਕੀਤੀ ਹੈ।
ਪੋਲਟਰੀ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਫਿਊ ਕਾਰਨ ਮੁਰਗੀਆਂ ਦੀ ਫੀਡ ਨਹੀਂ ਮਿਲ ਰਹੀ ਜਿਸ ਕਾਰਨ ਮੁਰਗੀਆਂ ਆਪਣੀਆਂ ਸਾਥੀ ਮੁਰਗੀਆਂ ਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਈ ਵਾਰ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਿਰਫ ਭਰੋਸੇ ਤੋਂ ਇਲਾਵਾ ਕੁਝ ਵੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ।