ਪਠਾਨਕੋਟ: ਜਿੱਥੇ ਕਿ ਪੰਜਾਬ ਦਿ ਕਾਂਗਰਸ ਸਰਕਾਰ 'ਚ ਪਹਿਲਾਂ ਹੀ ਕੁਰਸੀ ਨੂੰ ਲੈ ਕੇ ਜੱਦੋ-ਜਹਿਦ ਛਿੜੀ ਹੋਈ ਹੈ, ਉਥੇ ਹੀ ਕਈ ਲੋਕਾਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਕਈ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ।
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਵਿਖੇ ਜਿੱਥੇ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਆਪਣੇ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਵਿਭੂਤੀ ਸ਼ਰਮਾ ਮੀਡੀਆ ਦੇ ਮੁਖਾਤਿਬ ਹੋਏ ਅਤੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਹਲਕਾ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬ ਦੀਆਂ ਨੀਤੀਆਂ ਤੋਂ ਤੰਗ ਆ ਕੇ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਏ ਹਨ।
ਇਹ ਵੀ ਪੜ੍ਹੋ:ਲਾਲ ਲਕੀਰ 'ਚ ਆਉਂਦਾ ਮੁੱਖ ਮੰਤਰੀ ਚੰਨੀ ਦਾ ਜੱਦੀ ਘਰ, ਪਿੰਡ ਵਾਸੀਆਂ ਕਿਹਾ...
ਇਸ ਦੇ ਨਾਲ ਹੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਖੁਲਾਸੇ ਕਰਿਦਿਆਂ ਵਿਭੂਤੀ ਸ਼ਰਮਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਵਿੱਚ ਕੋਈ ਵੀ ਪੱਕਾ ਮੁਲਾਜ਼ਮ ਨਹੀਂ ਹੈ ਅਤੇ ਜੇਕਰ ਉਹ ਕਿਸੇ ਨੂੰ ਇਸ ਬਾਰੇ ਦੱਸਦੇ ਸਨ ਤਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜੋ ਵੀ ਇੰਪਰੂਵਮੈਂਟ ਟਰੱਸਟ ਦੇ ਖੇਤਰ 'ਚ ਆਉਂਦੇ ਕੰਮ ਕਰਵਾਏ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਵਿਧਾਇਕ ਵਲੋਂ ਉਸਨੂੰ ਦਬਾ ਦਿੱਤਾ ਜਾਂਦਾ ਸੀ, ਜਿਸ ਕਾਰਨ ਉਹ ਕੰਮ ਸਿਰੇ ਹੀ ਨਹੀਂ ਚੜ੍ਹਦਾ ਸੀ।
ਇਸ ਦੇ ਨਾਲ ਹੀ ਵਿਭੂਤੀ ਸ਼ਰਮਾ ਨੇ ਕਿਹਾ ਕਿ ਕੁਝ ਕਾਂਗਰਸੀ ਆਗੂਆਂ ਵਲੋਂ ਕਿਸੇ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਛਡਵਾਉਣ ਲਈ ਉਨ੍ਹਾਂ ਕਾਫੀ ਮੁਸ਼ੱਕਤ ਕੀਤੀ, ਪਰ ਉਨ੍ਹਾਂ ਕਾਂਗਰਸੀਆਂ ਨੂੰ ਵਿਧਾਇਕ ਸਾਹਿਬ ਦੀ ਮਦਦ ਹੋਣ ਕਾਰਨ ਕਬਜ਼ਾ ਨਹੀਂ ਚੁੱਕ ਰਹੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਗੱਲਾਂ ਤੋਂ ਤੰਗ ਆ ਕੇ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ।
ਇਹ ਵੀ ਪੜ੍ਹੋ:ਚੰਨੀ ਦੇ ਘਰ ਬਾਹਰ ਚੱਲੇ ਇੱਟਾਂ-ਰੋੜੇ, ਡੀ.ਐਸ.ਪੀ ਸਮੇਤ ਕਈ ਪੁਲਿਸ ਮੁਲਾਜ਼ਮ ਜਖ਼ਮੀ