ਪਠਾਨਕੋਟ: ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਥਰਿਆਲ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੀ ਭੁਆ ਦੇ ਘਰ 'ਤੇ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਰੈਨਾ ਦੇ ਫੁੱਫੜ ਅਤੇ ਭੂਆ ਦੇ ਮੁੰਡੇ ਦੀ ਮੌਤ ਹੋ ਗਈ ਸੀ ਅਤੇ ਭੂਆ ਗੰਭੀਰ ਜ਼ਖਮੀ ਹੋ ਗਏ ਸਨ। ਆਪਣੀ ਭੂਆ ਦੇ ਘਰ ਅਫਸੋਸ ਕਰਨ ਲਈ ਕ੍ਰਿਕਟਰ ਸੁਰੇਸ਼ ਰੈਨਾ ਬੁੱਧਵਾਰ ਨੂੰ ਪਠਾਨਕੋਟ ਪਹੁੰਚੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰੈਨਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਸ ਸਮੇਂ ਹਮਦਰਦੀ ਦੀ ਲੋੜ ਹੈ ਅਤੇ ਸਰਕਾਰ ਅਤੇ ਸਾਨੂੰ ਸਭ ਨੂੰ ਮਿਲਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਵਧੀਆਂ ਤਰੀਕੇ ਨਾਲ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਵਿੱਚ ਕਾਫੀ ਮਦਦ ਕੀਤੀ ਹੈ। ਉਸ ਲਈ ਉਨ੍ਹਾਂ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਤੇ ਮੀਡੀਆ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਕ੍ਰਿਕੇਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਤੇ ਕਤਲ ਦੇ ਮਾਮਲੇ 'ਚ ਦੋਸ਼ਿਆਂ ਤੇ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਹੋ ਗਈ ਹੈ।
ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਦੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 11 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਦੱਸ ਦਈਏ ਕਿ ਇਹ ਘਟਨਾ ਜ਼ਿਲ੍ਹਾ ਪਠਾਨਕੋਟ ਦੇ ਪੀਐਸ ਸ਼ਾਹਪੁਰਕੰਡੀ ਦੇ ਪਿੰਡ ਥਰੀਏਲ ਵਿੱਚ 19 ਅਗਸਤ ਦੀ ਰਾਤ ਨੂੰ ਹੋਈ ਸੀ।
ਇਸ ਹਮਲੇ 'ਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਜੋ ਠੇਕੇਦਾਰ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਬੇਟੇ ਕੌਸ਼ਲ ਕੁਮਾਰ ਨੇ 31 ਅਗਸਤ ਨੂੰ ਦਮ ਤੋੜ ਦਿੱਤਾ ਸੀ ਤੇ ਪਤਨੀ ਆਸ਼ਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲੇ 'ਚ ਜ਼ਖਮੀ ਹੋਏ ਦੋ ਹੋਰ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਘਟਨਾ ਤੋਂ ਤੁਰੰਤ ਬਾਅਦ ਰੈਨਾ ਦੀ ਅਪੀਲ 'ਤੇ ਮੁੱਖ ਮੰਤਰੀ ਨੇ ਆਈਜੀਪੀ ਬਾਰਡਰ ਰੇਂਜ ਅੰਮ੍ਰਿਤਸਰ ਅਧੀਨ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਗਠਨ ਦਾ ਆਦੇਸ਼ ਦਿੱਤਾ ਸੀ। ਇਸ ਦੇ ਮੈਂਬਰ ਵਜੋਂ ਐਸਐਸਪੀ ਪਠਾਨਕੋਟ, ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਧਾਰ ਕਲਾਂ ਨੂੰ ਬਣਾਇਆ ਗਿਆ ਜਿਨ੍ਹਾਂ ਨੇ ਮਾਮਲੇ ਦੀ ਬਾਰੀਕੀ ਨਾਲ ਤੇ ਤੇਜ਼ੀ ਨਾਲ ਜਾਂਚ ਕੀਤੀ।