ਪਠਾਨਕੋਟ: ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦੇ ਲੌਕਡਾਊਨ ਹੈ ਤੇ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਕੁਝ ਸਥਾਨਕ ਆਗੂ ਹੱਥ ਵਿੱਚ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਫੜ੍ਹ ਕੇ ਉਸ ਬਾਰੇ ਪੁੱਛ ਰਹੇ ਹਨ। ਇਸ ਦੌਰਾਨ ਉਨ੍ਹਾਂ ਕਈ ਥਾਵਾਂ 'ਤੇ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਾਏ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੰਨੀ ਦਿਓਲ ਦਾ ਘਰ ਪਠਾਨਕੋਟ ਗੁਰਦਾਸਪੁਰ ਵਿਖੇ ਹੈ ਉਹ ਨਾ ਜਾਣੇ ਕਿੱਥੇ ਛੁਪ ਕੇ ਬਹਿ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਦ ਮੈਂਬਰ ਅੱਗੇ ਇਹ ਗੁਹਾਰ ਹੈ ਕਿ ਆਓ ਅਤੇ ਆਪਣੇ ਲੋਕ ਸਭਾ ਹਲਕੇ ਨੂੰ ਸੰਭਾਲੋ।
ਉੱਥੇ ਹੀ ਦੂਜੇ ਪਾਸੇ ਜਦੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਾਸਟਰ ਮੋਹਨ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੋਛੀ ਰਾਜਨੀਤੀ ਕਰਨ ਤੇ ਉੱਤਰ ਆਈ ਹੈ ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਟਾਈਮ ਤੇ ਲੌਕਡਾਊਨ ਸੀ ਜਿਹੜਾ ਜਿੱਥੇ ਸੀ ਉੱਥੇ ਹੀ ਰਹਿ ਗਿਆ ਪਰ ਕਾਂਗਰਸ ਦੇ ਲੋਕ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਮੁੰਬਈ ਬੈਠੇ ਵੀ ਆਪਣੇ ਕਾਰਜ ਕਰਤਾਵਾਂ ਕੋਲੋਂ ਪੂਰਾ ਹਾਲ ਚਾਲ ਪੁੱਛ ਰਹੇ ਸੀ ਅਤੇ ਜਿਸ ਜਗ੍ਹਾ ਤੇ ਜਿਸ ਨੂੰ ਜੋ ਲੋੜ ਸੀ ਉਸ ਦੀ ਜਾਣਕਾਰੀ ਹਾਸਿਲ ਕਰ ਲੋਕਾਂ ਦੀ ਮਦਦ ਕਰ ਰਹੇ ਹਨ।