ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਵਿੱਚ ਗੰਨੇ ਦੀ ਫਸਲ (Sugarcane crop) ਦੇ ਉੱਪਰ ਰੈੱਡ ਰੋਟ ਬਿਮਾਰੀ (red rot disease) ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਬਿਮਾਰੀ ਦੇ ਕਾਰਨ ਗੰਨਾਂ ਅੰਦਰ ਤੋਂ ਪੂਰਾ ਲਾਲ ਹੋ ਜਾਂਦਾ ਹੈ ਅਤੇ ਸੁੱਕ ਵੀ ਜਾਂਦਾ ਹੈ। ਇਸ ਬਿਮਾਰੀ ਨੂੰ ਗੰਨੇ ਦੀ ਫ਼ਸਲ ਦਾ ਕੈਂਸਰ ਵੀ ਕਿਹਾ ਜਾਂਦਾ ਹੈ ਜੋ ਕਿ ਇੱਕ ਲਾ-ਇਲਾਜ ਬੀਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ। ਫਸਲ ਉੱਪਰ ਇਸ ਬਿਮਾਰੀ ਦੇ ਹਮਲੇ ਨੂੰ ਲੈਕੇ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਤੋਂ ਵਧਣ ਲੱਗ ਪਈਆਂ ਹਨ।
ਇਸ ਭਿਆਨਕ ਬਿਮਾਰੀ ਦੇ ਹਮਲੇ ਨੂੰ ਲੈਕੇ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਖੇਤੀਬਾੜੀ ਵਿਭਾਗ (Department of Agriculture) ਦੇ ਮੁਲਾਜ਼ਮ ਖੇਤਾਂ ਵਿੱਚ ਜਾ ਕੇ ਫਸਲ ਦਾ ਨਿਰੀਖਣ ਕਰ ਰਹੇ ਹਨ ਅਤੇ ਨਾਲ ਹੀ ਲਗਾਤਾਰ ਕਿਸਾਨਾਂ ਨੂੰ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ। ਇਸ ਬਿਮਾਰੀ ਦਾ ਕੋਈ ਵੀ ਇਲਾਜ ਨਾ ਹੋਣ ਕਰਕੇ ਇਸ ਬਿਮਾਰੀ ਦਾ ਸ਼ਿਕਾਰ ਹੋਏ ਗੰਨੇ ਨੂੰ ਜੜ੍ਹੋਂ ਹੀ ਪੁੱਟ ਕੇ ਸਾੜਨ ਦੇ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਹਮਲੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਜਾਗਰੂਕਤਾ ਦੇ ਨਾਲ ਹੀ ਗੰਨੇ ਦੀ ਫਸਲ ਨੂੰ ਇਸ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਖੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਗੰਨੇ ਦੀ ਫਸਲ ਦਾ ਬੂਟਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੁੱਕਣ ਲੱਗ ਪੈਂਦਾ ਹੈ ਜਿਸ ਨੂੰ ਜ਼ਮੀਨ ਤੋਂ ਹੀ ਪੁੱਟਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਗੰਨਾ ਸੁੱਕਣ ਲੱਗ ਪਿਆ ਹੈ ਉਸਦੀ ਪਹਿਚਾਣ ਹੈ ਕਿ ਉਸ ਨੂੰ ਜਦੋਂ ਵਿੱਚੋਂ ਪਾੜ ਕੇ ਦੇਖੀਏ ਤਾਂ ਉਹ ਲਾਲ ਹੋ ਚੁੱਕਿਆ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਇਸ ਦੇ ਉੱਪਰ ਰੈੱਡ ਰੋਟ ਬਿਮਾਰੀ ਦਾ ਹਮਲਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਹ ਇੱਕ ਕੈਂਸਰ ਵਰਗੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਇਸ ਲਈ ਇਸ ਨੂੰ ਜੜ ਤੋਂ ਹੀ ਪੁੱਟਣਾ ਪੈਂਦਾ ਹੈ ਅਤੇ ਇਸ ਨੂੰ ਬਾਅਦ ਵਿਚ ਅੱਗ ਲਗਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਬੂਟਾ ਦੂਸਰੇ ਬੂਟਿਆਂ ਨੂੰ ਖ਼ਰਾਬ ਨਾ ਕਰ ਸਕੇ।
ਇਸ ਤੋਂ ਇਲਾਵਾ ਗੰਨੇ ਦੇ ਖੇਤ ਦਾ ਪਾਣੀ ਦੂਸਰੇ ਖੇਤਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਦੂਸਰੀਆਂ ਫਸਲਾਂ ਵੀ ਖਰਾਬ ਕਰ ਸਕਦਾ ਹੈ। ਦੂਜੇ ਪਾਸੇ ਜਦੋਂ ਕਿਸਾਨਾਂ ਦੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੰਨੇ ਦੀ ਫਸਲ ਬਰਬਾਦ ਹੋ ਰਹੀ ਹੈ ਜਿਸ ਦਾ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਭਾਜਪਾ ਦੇ ਸਮਾਗਮ ਦਾ ਜ਼ੋਰਦਾਰ ਵਿਰੋਧ, ਪੁਲਿਸ ਨਾਲ ਹੋਈ ਝੜਪ