ਪਠਾਨਕੋਟ: ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪਾਰਟੀ ਵੱਖ-ਵੱਖ ਸੂਬਿਆਂ ਅਤੇ ਜ਼ਿਲ੍ਹਆਂ ਵਿੱਚ ਚੋਂਣ ਪ੍ਰਚਾਰ ਪ੍ਰੋਗਰਾਮ ਕਰਵਾ ਰਹੀ ਹੈ। ਇਸ ਦੇ ਤਹਿਤ ਪਠਾਨਕੋਟ ਵਿੱਚ ਵੀ ਇੱਕ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਵੱਡੀ ਗਿਣਤੀ 'ਚ ਭਾਜਪਾ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸੂਬਾ ਪ੍ਰਧਾਨ ਸ਼ਵੇਤ ਮਲਿਕ ਇਥੇ ਵਰਕਰਾਂ ਦੇ ਨਾਲ ਚੋਣਾਂ ਸਬੰਧੀ ਮੰਥਨ ਕਰਨ ਪੁੱਜੇ।
ਸੰਮੇਲਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸਾਡੀਆਂਟਿਕਟਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਪਾਰਟੀ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਕੋਈ ਵਰਕਰ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ। ਭਾਜਪਾ ਦੇ ਸਾਰੇ ਹੀ ਵਰਕਰ ਮਿਲ ਕੇ ਚੋਣ ਲੜਨਗੇ ਭਾਵੇਂ ਹਾਈਕਮਾਨ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਾਰੇ ਹੀ ਵਰਕਰਾਂ ਨੂੰ ਬਰਾਬਰ ਲੈ ਕੇ ਚੱਲਦੀ ਹੈ।
ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕੈਪਟਨ ਨੇ ਗੁੱਟਕਾ ਸਾਹਿਬ ਨੂੰ ਹੱਥ ਵਿੱਚਫੜ੍ਹ ਕੇ ਨਸ਼ਾ ਖਤਮ ਕਰਨ ਦੀ ਸਹੁੰ ਲਈ ਸੀ ਜੋ ਕਿ ਬਿਲਕੁਲ ਝੂਠ ਸੀ। ਪੰਜਾਬ ਸਰਕਾਰ ਅੱਜ ਮਾਫ਼ੀਆ ਦੇ ਦਬਾਅ ਦੇ ਵਿੱਚ ਹੈ ਚਾਹੇ ਉਹ ਡਰੱਗਸ ਮਾਫੀਆ ਹੋਵੇ ਜਾਂ ਰੇਤ ਮਾਫੀਆ, ਸਰਕਾਰ ਮਾਫੀਆ ਦੇ ਦਬਾਅ ਤੋਂ ਬਾਹਰ ਨਹੀਂ ਹੈ।ਸਰਕਾਰ ਇਨ੍ਹਾਂ ਮਾਫੀਆ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ।