ਸੁਜਾਨਪੁਰ: ਪਠਾਨਕੋਟ ਦੇ ਸੁਜਾਨਪੁਰ ਦੇ ਇੰਡਸਟਰੀ ਇਲਾਕੇ ਦੇ ਨੇੜੇ ਪਿੰਡ ਦੇ ਵਿੱਚ ਕੁਝ ਫੈਕਟਰੀਆਂ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਖੁੱਲ੍ਹੇ ਵਿੱਚ ਰਾਖ ਸੁੱਟੀ ਜਾ ਰਹੀ ਹੈ। ਇਨ੍ਹਾਂ ਫੈਕਟਰੀ ਮਾਲਕਾਂ ਦੀ ਪਹੁੰਚ ਇੰਨੀ ਉੱਤੇ ਤੱਕ ਹੈ ਕਿ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਬਿਨਾਂ ਰੋਕ ਟੋਕ ਤੋਂ ਫੈਕਟਰੀਆਂ ਦੀਆਂ ਗੱਡੀਆਂ ਪਿੰਡ ਦੀ ਜ਼ਮੀਨ 'ਤੇ ਰਾਖ ਸੁੱਟ ਕੇ ਚਲੀਆਂ ਜਾਂਦੀਆਂ ਹਨ ਜਿਸ ਤੋਂ ਪਿੰਡ ਵਾਸੀ ਪ੍ਰੇਸ਼ਾਨ ਹਨ।
ਪਿੰਡ ਵਾਸੀਆਂ ਵੱਲੋਂ ਕੁਝ ਕਾਂਗਰਸੀ ਨੇਤਾਵਾਂ ਨੂੰ ਨਾਲ ਲੈ ਕੇ ਰਾਖ ਨਾਲ ਭਰੀਆਂ ਹੋਈਆਂ ਗੱਡੀਆਂ ਨੂੰ ਫੜਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਹਨੇਰੀ ਜਾਂ ਤੇਜ਼ ਹਵਾਵਾਂ ਚੱਲਦੀਆਂ ਹਨ ਇਹ ਖੁੱਲ੍ਹੇ 'ਚ ਪਈ ਹੋਈ ਰਾਖ ਲੋਕਾਂ ਦੇ ਘਰਾਂ ਵਿੱਚ ਜਾ ਪੈਂਦੀ ਹੈ। ਕਈ ਬਜ਼ੁਰਗ ਔਰਤਾਂ ਅਤੇ ਬੱਚੇ ਬਿਮਾਰ ਵੀ ਹੋ ਚੁੱਕੇ ਹਨ ਜਿਸ ਦਾ ਕਾਰਨ ਇਹ ਖੁੱਲ੍ਹੇ ਵਿੱਚ ਪਈ ਹੋਈ ਰਾਖ ਹੈ ਕਿਉਂਕਿ ਸ਼ਰਾਬ ਬਣਾਉਣ ਵੇਲੇ ਫੈਕਟਰੀਆਂ ਦੇ ਵਿੱਚ ਕੈਮੀਕਲ ਜਲਾਉਣ ਤੋਂ ਬਾਅਦ ਇਹ ਰਾਖ ਬਚਦੀ ਹੈ ਜੋ ਕਾਫੀ ਜ਼ਹਿਰੀਲੀ ਹੁੰਦੀ ਹੈ। ਇਸ ਰਾਖ ਦੇ ਕਾਰਨ ਕਈ ਤਰ੍ਹਾਂ ਦੀ ਬੀਮਾਰੀਆਂ ਨਜ਼ਦੀਕੀ ਪਿੰਡਾਂ ਵਿੱਚ ਫੈਲ ਰਹੀਆਂ ਹਨ ਜਿਸ ਨੂੰ ਜੇਕਰ ਨਾ ਰੋਕਿਆ ਜਾਵੇ ਤਾਂ ਇਸ ਦਾ ਨਤੀਜੇ ਭਿਆਨਕ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੇ ਮੁਤਾਬਕ ਕੋਈ ਵੀ ਫੈਕਟਰੀ ਜਿਸ ਵਿੱਚ ਰਾਖ ਜਾਂ ਕੋਈ ਹੋਰ ਵੇਸਟ ਮਟੀਰੀਅਲ ਨਿਕਲਦਾ ਹੈ, ਉਹ ਫੈਕਟਰੀ ਖੁਦ ਹੀ ਉਸ ਮਟੀਰੀਅਲ ਨੂੰ ਆਪਣੀ ਜ਼ਮੀਨ ਉੱਤੇ ਨਸ਼ਟ ਕਰੇਗੀ ਨਾ ਕਿ ਉਸ ਨੂੰ ਕਿਸੇ ਖੁੱਲ੍ਹੀ ਥਾਂ ਤੇ ਸੁੱਟੇਗੀ।