ਪਠਾਨਕੋਟ: ਰਣਜੀਤ ਸਾਗਰ ਡੈਮ ਦੀ ਝੀਲ ਦੇ ਵਿੱਚ ਬਣੇ ਕੁਲਾਰਾਂ ਅਤੇ ਪਲੰਗੀ ਦੋਹਾਂ ਟਾਪੂਆਂ ਉੱਪਰ ਪੰਜਾਬ ਸਰਕਾਰ ਈਕੋ ਟੂਰਿਜ਼ਮ ਪ੍ਰਾਜੈਕਟ ਬਣਾਵੇਗੀ ਜਿਸ ਦੇ ਲਈ ਪਠਾਨਕੋਟ ਫਾਰੈਸਟ ਡਿਪਾਰਟਮੈਂਟ ਨੂੰ ਮਨਿਸਟਰੀ ਆਫ਼ ਫੋਰੈਸਟ ਐਂਡ ਐਨਵਾਇਰਮੈਂਟ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ।
ਹੁਣ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਇਸ ਪ੍ਰਾਜੈਕਟ ਦੇ ਲਈ ਗਲੋਬਲ ਟੈਂਡਰ ਲਗਾਏਗੀ ਜਿਸ ਤੋਂ ਬਾਅਦ ਇਨ੍ਹਾਂ ਦੋਨਾਂ ਟਾਪੂਆਂ ਉੱਪਰ ਰਿਜ਼ਾਰਟ ਅਤੇ ਹੋਟਲ ਬਣਾਏ ਜਾਣਗੇ ਅਤੇ ਇਨ੍ਹਾਂ ਦੋਨਾਂ ਟਾਪੂਆਂ ਨੂੰ ਟੂਰਿਜ਼ਮ ਦੇ ਲਈ ਵਿਕਸਿਤ ਕੀਤਾ ਜਾਵੇਗਾ।
ਪਠਾਨਕੋਟ ਵਿੱਚ ਵਿਕਸਿਤ ਹੋਣ ਵਾਲੇ ਇਸ ਪ੍ਰਾਜੈਕਟ ਦੇ ਲਈ ਡਵੀਜ਼ਨਲ ਫਾਰੈਸਟ ਅਫ਼ਸਰ ਪਠਾਨਕੋਟ ਵੱਲੋਂ ਕਾਫੀ ਮਿਹਨਤ ਕੀਤੀ ਗਈ ਹੈ ਜਿਸ ਦਾ ਨਤੀਜਾ ਹੈ ਕਿ ਇਸ ਪ੍ਰਾਜੈਕਟ ਨੂੰ ਮਨਿਸਟਰੀ ਆਫ ਫਾਰੈਸਟ ਐਂਡ ਐਨਵਾਇਰਮੈਂਟ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਪਰ ਅਜੇ ਪੰਜਾਬ ਇੰਫਰਾਸਟਰਕਚਰ ਡਵੈਲਪਮੈਂਟ ਬੋਰਡ ਵੱਲੋਂ ਮਨਜ਼ੂਰੀ ਮਿਲਣੀ ਬਾਕੀ ਹੈ।
ਜੰਗਲਾਤ ਵਿਭਾਗ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਜੋ ਕਿ ਅੱਧ ਵਿਚ ਲਟਕਿਆ ਹੋਇਆ ਸੀ ਹੁਣ ਉਸ ਨੂੰ ਹਰੀ ਝੰਡੀ ਮਿਲ ਗਈ ਹੈ। ਉੱਥੇ ਹੀ ਦੂਜੇ ਪਾਸੇ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਬਣਨ ਨਾਲ ਪਠਾਨਕੋਟ ਦਾ ਧਾਰ ਬਲਾਕ ਜੋ ਕਿ ਕਾਫੀ ਪਿਛੜਿਆ ਹੋਇਆ ਇਲਾਕਾ ਸੀ ਉਸ ਥਾਂ 'ਤੇ ਵਿਕਾਸ ਹੋਵੇਗਾ ਅਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ।