ਪਠਾਨਕੋਟ: ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਤੇ ਦੂਜੇ ਪਾਸੇ ਅੱਤ ਦੀ ਗਰਮੀ ਦਾ ਕਹਿਰ। ਅੱਤ ਦੀ ਗਰਮੀ ਪੈਣ ਨਾਲ ਲੋਕ ਬੇਹਾਲ ਹੋ ਰਹੇ ਹਨ। ਹਰ ਸਾਲ ਗਰਮੀ ਤੋਂ ਬੱਚਣ ਲਈ ਲੋਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾਦੀਆਂ ਸਨ। ਇਸ ਸਾਲ ਕੋਰੋਨਾ ਮਹਾਂਮਾਰੀ ਦਾ ਕਹਿਰ ਹੋਣ ਕਾਰਨ ਸੜਕਾਂ 'ਤੇ ਠੰਢੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਪਠਾਨਕੋਟ ਦੇ ਡਾਕ ਖਾਣਾ ਚੌਂਕ ਦੇ ਦੁਕਾਨਦਾਰਾਂ ਨੇ ਮਿਲ ਕੇ ਠੰਢੇ ਪਾਣੀ ਦੀ ਛਬੀਲ ਲਗਾਈ।
ਦੁਕਾਨਦਾਰ ਨੇ ਦੱਸਿਆ ਕਿ ਜੂਨ ਦੀ ਗਰਮੀ 'ਚ ਹਰ ਸਾਲ ਪੰਜਾਬ ਸੂਬੇ ਦੇ ਹਰ ਹਿੱਸੇ 'ਚ ਸੜਕਾਂ 'ਤੇ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਠੰਢੇ ਪਾਣੀ ਦੇ ਨਾਲ ਲੰਗਰ ਵੀ ਲਗਾਇਆ ਜਾਂਦਾ ਹੈ। ਇਸ ਸਾਲ ਕੋਰੋਨਾ ਦੀ ਮਾਰ ਹੋਣ ਕਾਰਨ ਲੋਕ ਠੰਢੇ ਪਾਣੀ ਤੇ ਲੰਗਰ ਦੀ ਸੇਵਾ ਨਹੀਂ ਕਰ ਰਹੇ। ਸਰਕਾਰ ਦੀ ਵੀ ਹਿਦਾਇਤ ਹੈ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ ਤੇ ਇਕੱਠ ਕਰਨ ਤੋਂ ਗੁਰੇਜ਼ ਕਰਨ।
ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਹਰੀਪੁਰਾ 'ਚ ਸਥਾਨਕ ਵਾਸੀਆਂ ਦਾ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ
ਉਨ੍ਹਾਂ ਦੱਸਿਆ ਕਿ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਤੇ ਸਰਕਾਰ ਦੀਆਂ ਹਿਦਇਤਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਰਾਹ ਜਾਂਦੇ ਲੋਕਾਂ ਲਈ ਪਾਣੀ ਦੀ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਪੀਣ ਵਾਲੇ ਵਿਅਕਤੀ ਦੇ ਪਹਿਲਾਂ ਹੱਥਾਂ ਨੂੰ ਸੈਨੇਟਾਈਜ਼ ਕਰਕੇ ਫਿਰ ਹੀ ਪਾਣੀ ਦਾ ਗਿਲਾਸ ਦਿੱਤਾ ਜਾ ਰਿਹਾ ਹੈ। ਇਸ ਮਗਰੋਂ ਉਸ ਗਿਲਾਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲਈ ਇੱਕ ਮਹਿਲਾ ਨੂੰ ਵੀ ਬਿਠਾਇਆ ਗਿਆ ਹੈ ਜੋ ਕਿ ਗਿਲਾਸ ਨੂੰ ਸਾਫ਼ ਕਰਕੇ ਦੁਬਾਰਾ ਵਰਤੋਂ 'ਚ ਲਿਆਂਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ।