ਪਠਾਨਕੋਟ: ਇੱਥੋਂ ਦੇ ਨਾਲ ਲਗਦੀ ਭਾਰਤ-ਪਾਕਿ ਸਰਹੱਦ ਉੱਤੇ ਬੀ.ਐੱਸ.ਐੱਫ਼ ਕਾਫ਼ੀ ਚੌਕਸ ਹੈ ਅਤੇ ਕੋਈ ਵੀ ਪਰਿੰਦਾ ਪਰ ਨਹੀਂ ਮਾਰ ਸਕਦਾ। ਪਰ ਅੱਜ ਸਵੇਰੇ ਸਰਹੱਦੀ ਖੇਤਰ ਬਮਿਆਲ ਦੀ ਭਾਰਤ-ਪਾਕਿ ਸਰਹੱਦ ਉੱਤੇ ਵਸੇ ਪਿੰਡ ਖੋਜ ਕੀ ਚੱਕ ਦੇ ਲੋਕਾਂ ਨੇ ਅਸਮਾਨ ਉੱਤੇ ਇੱਕ ਕਬੂਤਰ ਉੱਡਦਾ ਵੇਖਿਆ।
ਜਾਣਕਾਰੀ ਮੁਤਾਬਕ ਚਸ਼ਮਦੀਦਾਂ ਦਾ ਕਹਿਣਾ ਹੈ ਇਹ ਕਬੂਤਰ ਕਦੇ ਪਾਕਿਸਤਾਨ ਵੱਲ ਅਤੇ ਕਦੇ ਭਾਰਤ ਵੱਲ ਨੂੰ ਆ ਰਿਹਾ ਸੀ, ਜਿਸ ਨੂੰ ਲੈ ਕੇ ਉਹ ਕਾਫ਼ੀ ਚੌਕਸ ਹੋ ਗਏ। ਕੁੱਝ ਸਮੇਂ ਬਾਅਦ ਕਬੂਤਰ ਪਿੰਡ ਦੇ ਇੱਕ ਮਕਾਨ ਦੀ ਛੱਤ ਉੱਤੇ ਬੈਠ ਗਿਆ ਅਤੇ ਉਸ ਨੂੰ ਪਿੰਜਰੇ ਵਿੱਚ ਫੜ ਲਿਆ ਗਿਆ।
ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਬੂਤਰ ਦੀ ਪੂੰਛ ਉੱਪਰ ਇੱਕ ਮੋਹਰ ਵੀ ਲੱਗੀ ਹੋਈ ਹੈ, ਜਿਸ ਦੇ ਉੱਪਰ ਸਿਆਲਕੋਟ ਦਾ ਇੱਕ ਪਤਾ ਲਿਖਿਆ ਹੈ।
ਡੀ.ਐੱਸ.ਪੀ ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਬੂਤਰ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣਾ ਚਾਹਿਆ, ਪਰ ਕਿਸੇ ਕਾਰਨਾਂ ਕਰ ਕੇ ਉਸ ਦਾ ਡਾਕਟਰੀ ਮੁਆਇਨਾ ਨਹੀਂ ਹੋ ਸਕਿਆ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਨੇ ਕਬੂਤਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।