ਪਠਾਨਕੋਟ: ਚੋਣਾਂ ਦੇ ਦੌਰਾਨ ਸੱਤਾ ਦੇ ਵਿੱਚ ਆਉਣ ਵੇਲੇ ਕਾਂਗਰਸ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ ਸੀ ਜਿਨ੍ਹਾਂ ਵਿੱਚੋਂ ਇੱਕ ਸੀ ਘਰ-ਘਰ ਨੌਕਰੀ ਅਤੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ, ਪਰ ਤਿੰਨ ਸਾਲ ਦਾ ਸਮਾਂ ਬੀਤਣ ਨੂੰ ਹੈ ਅਜੇ ਤੱਕ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਗਿਆ ਜਿਸ ਕਾਰਨ ਹੁਣ ਕਰਮਚਾਰੀ ਸੜਕਾਂ 'ਤੇ ਉਤਰਨਾ ਸ਼ੁਰੂ ਹੋ ਗਏ ਹਨ।
ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਵਿੱਚ ਜਿੱਥੇ ਕਿ ਆਪਣੀ ਮੰਗਾਂ ਨੂੰ ਲੈ ਕੇ ਰੂਰਲ ਫਾਰਮਾਸਿਸਟ ਪਿਛਲੇ 39 ਦਿਨਾਂ ਤੋਂ ਧਰਨਾ ਦੇ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਵੀ ਵਿਸ਼ਵਾਸ ਨਾ ਮਿਲਣ ਦੀ ਵਜ੍ਹਾ ਨਾਲ ਫਾਰਮਾਸਿਸਟ ਬਜ਼ਾਰਾਂ ਦੇ ਵਿੱਚ ਉੱਤਰ ਕੇ ਲੋਕਾਂ ਦੇ ਬੂਟ ਪਾਲਿਸ਼ ਕਰਦੇ ਹੋਏ ਨਜ਼ਰ ਆਏ ਤਾਂ ਕਿ ਬੂਟ ਪਾਲਿਸ਼ ਕਰਨ ਤੋਂ ਬਾਅਦ ਇਕੱਠੇ ਕੀਤੇ ਗਏ ਪੈਸਿਆਂ ਨਾਲ ਸਰਕਾਰ ਦਾ ਖਜ਼ਾਨਾ ਭਰ ਸਕਣ।
ਬੂਟ ਪਾਲਿਸ਼ ਕਰ ਰਹੇ ਫਾਰਮਾਸਿਸਟਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨੌਕਰੀ ਪੱਕੀ ਕਰਨ ਦੇ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਖ਼ਜ਼ਾਨਾ ਖਾਲੀ ਹੋਣ ਦੇ ਹਵਾਲੇ ਦਿੱਤੇ ਜਾ ਰਹੇ ਹਨ ਇਸ ਵਜ੍ਹਾ ਨਾਲ ਅਸੀਂ ਅੱਜ ਬੂਟ ਪਾਲਿਸ਼ ਕਰ ਸਰਕਾਰ ਦਾ ਖਜ਼ਾਨਾ ਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਸਹੀ ਪਾਲ਼ਣ ਪੋਸ਼ਣ ਕਰ ਸਕਣ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਜਲਦ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੰਤਰੀਆਂ ਦੇ ਘਰਾਂ ਦਾ ਘਿਰਾਓ ਵੀ ਕਰਨਗੇ।