ਪਠਾਨਕੋਟ: ਬੀਤੇ ਦਿਨੀਂ ਸੰਗਰੂਰ 'ਚ ਹੋਏ ਵੈਨ ਹਾਦਸੇ ਵਿੱਚ ਚਾਰ ਬੱਚੇ ਜ਼ਿੰਦਾ ਸੜ ਗਏ ਸਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨੀਂਦ ਖੁੱਲ੍ਹੀ ਹੈ। ਇਸ ਘਟਨਾ ਤੋਂ ਬਾਅਦ ਪਠਾਨਕੋਟ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਚੱਲਦੇ ਸਕੂਲੀ ਵਾਹਨਾਂ ਨੂੰ ਰੋਕ ਕੇ ਚੈੱਕ ਕੀਤੀ ਜਾ ਰਹੀ ਹੈ। ਇਸ ਚੈਕਿੰਗ ਵਿੱਚ ਜਿੱਥੇ ਇਹ ਚੈੱਕ ਕੀਤਾ ਜਾ ਰਿਹਾ ਹੈ ਕਿ ਬੱਸਾਂ ਜ਼ਿਆਦਾ ਪੁਰਾਣੀਆਂ ਤਾਂ ਨਹੀਂ ਉੇਥੇ ਹੀ ਫਸਟਏਡ ਕਿੱਟ, ਫਾਇਰ ਸੇਫਟੀ ਯੰਤਰ ਅਤੇ ਕੈਮਰਿਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਵਾਹਨਾਂ ਵਿੱਚ ਇਹ ਚੀਜ਼ਾਂ ਨਹੀਂ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਉੱਥੇ ਹੀ ਜਦੋਂ ਇਸ ਬਾਰੇ ਡਰਾਈਵਰਾਂ ਨਾਲ ਗੱਲ ਕਰਨੀ ਚਾਹੀ ਤਾਂ ਪਹਿਲਾਂ ਤੇ ਉਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਬਹਾਨੇ ਲਗਾਉਂਦੇ ਨਜ਼ਰ ਆਏ। ਇਸ ਬਾਰੇ ਗੱਲ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਉਹ ਸਹੀ ਹਨ ਜਾਂ ਨਹੀਂ, ਉਨ੍ਹਾਂ ਵਿੱਚ ਸੇਫਟੀ ਯੰਤਰ ਹੈ ਜਾਂ ਨਹੀਂ, ਉਹ ਆਪਣੇ ਮਾਪਦੰਡ ਪੂਰੇ ਕਰਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਲੋਂਗੋਵਾਲ ਹਾਦਸਾ: ਛੁੱਟੀ ਹੋਣ ਕਾਰਨ ਜੱਜ ਦੇ ਘਰ 'ਚ ਲੱਗੀ ਅਦਾਲਤ, 3 ਦਿਨ ਦੇ ਰਿਮਾਂਡ 'ਤੇ ਮੁਲਜ਼ਮ
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਵਾਹਨ ਵਿੱਚ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਦਾ ਚਲਾਨ ਕੱਟਿਆ ਜਾ ਰਿਹਾ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਦੀ ਨੀਂਦ ਪਹਿਲਾਂ ਖੁੱਲ੍ਹੀ ਹੁੰਦੀ ਤਾਂ ਸੰਗਰੂਰ ਦੇ ਵਿੱਚ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ।