ਪਠਾਨਕੋਟ: ਪਿੰਡ ਨੰਗਲਭੂਰ ਤੋਂ ਮੀਰਥਲ ਕਸਬੇ ਨੂੰ ਜੋੜਨ ਵਾਲੀ ਲਿੰਕ ਰੋਡ ਦੀ ਹਾਲਤ ਖ਼ਸਤਾ ਹੋਈ ਪਈ ਹੈ ਤੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦਿਆਂ ਸਥਾਨਕ ਵਾਸੀਆਂ ਨੂੰ ਆਉਣ-ਜਾਣ ਵੇਲੇ ਕਾਫੀ ਪਰੇਸ਼ਾਨੀ ਹੁੰਦੀ ਹੈ ਤੇ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਅੱਗੇ ਨਵੀਂ ਸੜਕ ਬਣਾਉਣ ਦੀ ਗੁਹਾਰ ਲਗਾਈ ਹੈ।
ਇਸ ਬਾਰੇ ਸਥਾਨਕ ਵਾਸੀਆਂ ਨੇ ਕਿਹਾ ਕਿ ਪਾਰਟੀਆਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਲੈਦੀਆਂ ਹਨ ਪਰ ਜਦੋਂ ਸੱਤਾ ਵਿੱਚ ਆ ਜਾਂਦੀਆਂ ਹਨ ਤਾਂ ਸਾਰੇ ਵਾਅਦੇ ਭੁੱਲ ਜਾਂਦੀਆਂ ਹਨ। ਲੋਕਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਲਿੰਕ ਰੋਡ ਦੀ ਹਾਲਤ ਬਹੁਤ ਖਸਤਾ ਹੈ ਤੇ ਇਹ ਰੋਡ 16 ਪਿੰਡਾਂ ਨਾਲ ਲੱਗਦਾ ਹੈ ਜਿਸ ਕਾਰਨ ਇਸ ਰੋਡ 'ਤੇ 24 ਘੰਟੇ ਆਵਾਜਈ ਰਹਿੰਦੀ ਹੈ। 2 ਦਰਜਨ ਤੋਂ ਵੱਧ ਪਿੰਡ ਇਸ ਸੜਕ ਦੇ ਬਣਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਗਜ਼ਾਂ ਵਿੱਚ ਲਿੰਕ ਰੋਡ ਦੀ ਚੌੜਾਈ 22 ਫੁੱਟ ਹੈ ਜਦ ਕਿ ਅਸਲ ਚੌੜਾਈ 9-10 ਫੁੱਟ ਹੈ।
ਇਸ ਦੇ ਨਾਲ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਸੜਕ 10 ਸਾਲ ਪਹਿਲਾਂ ਬਣਾਈ ਗਈ ਸੀ ਪਰ ਹੁਣ ਤੱਕ ਮੁੜ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ। ਨਾਲ ਇਹ ਵੀ ਦੱਸਿਆ ਕਿ ਸੜਕ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਵਾਹਨਾਂ 'ਤੇ ਜਾਣ ਵਾਲਿਆਂ ਨੂੰ ਔਖ ਆਉਂਦੀ ਹੈ ਪਰ ਜਿਹੜੇ ਪੈਦਲ ਜਾਂਦੇ ਹਨ, ਉਨ੍ਹਾਂ ਨੂੰ ਉਸ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਐਮਐਲਏ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਵੱਲੋਂ ਉਸ ਉੱਤੇ ਗੌਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਰੋਡ ਉੱਤੇ ਕਈ ਹਾਦਸੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਪਠਾਨਕੋਟ ਦੇ ਲਿੰਕ ਰੋਡ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਰੋਡ ਮੁੜ ਤੋਂ ਮੁਰੰਮਤ ਕੀਤੀ ਜਾ ਸਕੇ।
ਇਹ ਵੀ ਪੜ੍ਹੋ:ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਵਿਖੇ 6.50 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਟੂਰਿਸਟ ਸਪਾਟ