ਪਠਾਨਕੋਟ: ਸਿਵਲ ਹਸਪਤਾਲ ਪਠਾਨਕੋਟ ਜੋ ਕਿ ਆਪਣੀ ਸਿਹਤ ਸੁਵਿਧਾਵਾਂ ਲਈ ਸੂਬੇ 'ਚ ਪਹਿਲੇ ਨੰਬਰ 'ਤੇ ਰਹਿ ਚੁੱਕਿਆ ਹੈ। ਹੁਣ ਇਥੇ ਡਾਕਟਰਾਂ ਵੱਲੋਂ ਇਲਾਜ ਕਰਨ 'ਚ ਅਣਗਹਿਲੀ ਕਾਰਨ ਇੱਕ ਨਵਜਾਤ ਬੱਚੇ ਦੀ ਮੌਤ ਹੋ ਗਈ ਹੈ।
ਇਸ ਬਾਰੇ ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਬੇਹਦ ਗ਼ਰੀਬ ਹੈ। ਉਹ ਆਪਣੀ ਪਤਨੀ ਨੂੰ ਜਣੇਪੇ ਲਈ ਸਿਵਲ ਹਸਪਤਾਲ ਲੈ ਕੇ ਪੁੱਜਿਆ। ਜਦ ਉਹ ਹਸਪਤਾਲ ਪੁੱਜਾ ਤਾਂ ਡਾਕਟਰਾਂ ਨੇ ਉਸ ਦੀ ਪਤਨੀ ਦੀ ਜਾਂਚ ਕੀਤੇ ਬਗੈਰ ਹੀ ਉਨ੍ਹਾਂ ਨੂੰ ਕੁੱਝ ਟੈਸਟ ਕਰਵਾਉਣ ਲਈ ਭੇਜ ਦਿੱਤਾ।
ਟੈਸਟ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਖ਼ੂਨ ਚੜ੍ਹਾਉਣ ਦੀ ਗੱਲ ਆਖੀ ਹੈ। ਉਸ ਨੇ ਕਿਹਾ ਕਿ ਉਹ 2 ਵਾਰ ਆਪਣੀ ਪਤਨੀ ਨੂੰ ਖ਼ੂਨ ਦੀ ਬੋਤਲ ਚੜ੍ਹਵਾ ਚੁੱਕਾ ਸੀ, ਪਰ ਡਾਕਟਰਾਂ ਨੇ ਉਸ ਦੀ ਪਤਨੀ ਦੀ ਜਾਂਚ ਨਹੀਂ ਕੀਤੀ। ਇਸ ਕਾਰਨ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਪੀੜਤ ਦੰਪਤੀ ਨੇ ਕਿਹਾ ਕਿ ਜੇਕਰ ਉਸ ਦੀ ਪਤਨੀ ਤੇ ਬੱਚੇ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਦਾ ਬੱਚਾ ਬੱਚ ਜਾਂਦਾ।
ਦੂਜੇ ਪਾਸੇ ਜਦ ਇਸ ਬਾਰੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਗਈ। ਉਨ੍ਹਾਂ ਬੱਚੇ ਦੇ ਜਨਮ ਸਮੇਂ ਡਾਕਟਰਾਂ ਵੱਲੋਂ ਸਹੀ ਇਲਾਜ ਕੀਤੇ ਜਾਣ ਦੀ ਗੱਲ ਆਖੀ ਹੈ।