ਪਠਾਨਕੋਟ : ਸ਼ਹਿਰ 'ਚ ਸਥਿਤ ਬਜ਼ਾਰਾਂ ਅਤੇ ਕਈ ਇਲਾਕਿਆਂ 'ਚ ਅੱਗ ਬੁਝਾਉਣ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ। ਸਥਾਨਕ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਅਗਜ਼ਨੀ ਦੀ ਘਟਨਾ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਤੰਗ ਬਜ਼ਾਰ ਦੀਆਂ ਗੱਲੀਆਂ ਬੇਹਦ ਤੰਗ ਹਨ। ਇਥੇ ਸਿਰਫ਼ ਪੈਦਲ ਚੱਲਣ ਲਈ ਹੀ ਥਾਂ ਹੈ। ਦੋ-ਪਹੀਆ ਵਾਹਨਾਂ ਲਈ ਵੀ ਇਥੇ ਸਹੀ ਰਸਤਾ ਨਹੀਂ ਹੈ। ਅਜਿਹੇ ਵਿੱਚ ਅਗਜ਼ਨੀ ਦੀ ਘਟਨਾ ਵਾਪਰਨ 'ਤੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਤੰਗ ਬਜ਼ਾਰਾਂ 'ਚ ਦਾਖਲ ਨਹੀਂ ਹੋ ਸਕਦੀਆਂ। ਲੋਕਾਂ ਨੇ ਦੱਸਿਆ ਕਿ ਸਥਾਨਕ ਫ਼ਾਇਰ ਬ੍ਰਿਗੇਡ ਕੋਲ ਛੋਟੀ ਗੱਡੀ ਦਾ ਪ੍ਰਬੰਧ ਨਹੀਂ ਹੈ ਅਤੇ ਨਾਂ ਹੀ ਇਨ੍ਹਾਂ ਤੰਗ ਬਜ਼ਾਰਾਂ ਅਤੇ ਸ਼ਹਿਰ ਦੇ ਤੰਗ ਇਲਾਕਿਆਂ 'ਚ ਅੱਗ ਬੁਝਾਉਣ ਲਈ ਪੁਖ਼ਤਾ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਦੇ ਚੁੱਕੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਹੋਰ ਪੜ੍ਹੋ : ਆਈ.ਆਈ.ਟੀ. ਰੋਪੜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ "ਮਨ-ਜਿੱਤ ਮੁਹਿੰਮ " ਦਾ ਕੀਤਾ ਅਗਾਜ਼
ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਦਿੱਲੀ ਵਿਖੇ ਵਾਪਰੀ ਅਗਜ਼ਨੀ ਦੀ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ। ਪ੍ਰਸ਼ਾਸਨ ਦੀ ਅਣਗਿਹਲੀ ਦੇ ਕਾਰਨ ਕਈ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਬਜ਼ਾਰ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਮੁਕੰਮਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।