ਪਠਾਨਕੋਟ: ਇੱਥੇ ਜ਼ਿਲ੍ਹਾ ਹਸਪਤਾਲ ਜਿਸ ਦੇ ਇਕ ਪਾਸੇ ਜੰਮੂ ਕਸ਼ਮੀਰ ਅਤੇ ਦੂਜੇ ਪਾਸੇ, ਹਿਮਾਚਲ ਸੂਬੇ ਦੀ ਸਰਹੱਦ ਲਗਦੀ ਹੈ ਅਤੇ ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਪਠਾਨਕੋਟ ਹੀ ਨਹੀਂ, ਬਲਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਵੀ ਆਉਂਦੇ ਹਨ ਜਿਸ ਕਾਰਨ ਪੰਜਾਬ ਸੂਬੇ ਦਾ ਇਹ ਸਿਵਲ ਹਸਪਤਾਲ ਬਹੁਤ ਅਹਿਮ ਹੋ ਜਾਂਦਾ ਹੈ। ਇੱਥੇ ਮਰੀਜਾਂ ਦੇ ਇਲਾਜ ਲਈ ਜਿੱਥੇ ਡਾਕਟਰਾਂ ਅਤੇ ਬਾਕੀ ਸਟਾਫ ਦੀ ਟੀਮ ਹਰ ਵੇਲੇ ਪੱਬਾਂ ਭਾਰ ਰਹਿੰਦੀ ਹੈ, ਉੱਥੇ ਹੀ, ਮਰੀਜਾਂ ਨਾਲ ਆਏ ਉਨ੍ਹਾਂ ਦਾ ਖਿਆਲ ਰੱਖਣ ਵਾਲੇ ਤਾਮਿਲਦਾਰਾਂ ਲਈ ਵੀ ਵਿਸ਼ੇਸ਼ ਪ੍ਰਬੰਧ ਇਸ ਹਸਪਤਾਲ ਵਿੱਚ ਕੀਤੇ ਗਏ ਹਨ।
ਸਸਤੀ ਰਸੋਈ ਦਾ ਪ੍ਰਬੰਧ: ਇੱਥੇ ਸਸਤੀ ਰਸੋਈ ਵਿਚ ਇਨ੍ਹਾਂ ਤਾਮਿਲਦਾਰਾਂ ਨੂੰ 10 ਰੁਪਏ ਵਿੱਚ ਪੇਟ ਭਰ ਭੋਜਨ ਵੀ ਮਿਲਦਾ ਹੈ। ਸੂਬੇ ਭਰ ਵਿੱਚ ਕਾਇਆ ਕਲਪ ਸਕੀਮ ਤਹਿਤ ਸਿਹਤ ਵਿਭਾਗ ਵਲੋਂ ਸਰਵੇ ਕੀਤਾ ਗਿਆ ਅਤੇ ਪਠਾਨਕੋਟ ਦਾ ਸਿਵਿਲ ਹਸਪਤਾਲ ਸੂਬੇ ਭਰ ਵਿੱਚ 100 ਵਿਚੋਂ 91 ਨੰਬਰ ਲੈ ਕੇ ਪਹਿਲੇ ਨੰਬਰ ਉੱਤੇ ਆਇਆ ਹੈ। ਇਸ ਦੇ ਚੱਲਦੇ ਹਸਪਤਾਲ ਨੂੰ 20 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ, ਤਾਂ ਜੋ ਹਸਪਤਾਲ ਪ੍ਰਸ਼ਾਸਨ ਹਸਪਤਾਲ ਦੀਆਂ ਬਾਕੀ ਕਮੀਆਂ ਨੂੰ ਪੂਰਾ ਕਰਦੇ ਹੋਏ ਹੋਰ ਬਿਹਤਰ ਸਿਹਤ ਸਹੂਲਤਾਂ ਦੇ ਸਕੇ।
ਸੂਬੇ ਦਾ ਨੰਬਰ ਵਨ ਹਸਪਤਾਲ ਬਣਿਆ : ਸੂਬੇ ਵਿੱਚ ਪਹਿਲੇ ਨੰਬਰ ਉੱਤੇ ਆਉਣ ਉੱਤੇ, ਜਿੱਥੇ ਅਧਿਕਾਰੀ ਫੁਲੇ ਨਹੀਂ ਸਮਾ ਰਹੇ, ਉੱਥੇ ਹੀ ਸਿਹਤ ਵਿਭਾਗ ਵਲੋਂ ਮਿਲੇ ਇਸ ਪਹਿਲੇ ਦਰਜੇ ਨੂੰ ਲੈਕੇ ਡਾਕਟਰਾਂ ਅਤੇ ਬਾਕੀ ਸਟਾਫ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਨੂੰ ਉਹ ਆਪਣੇ ਹੀ ਅੰਦਾਜ ਵਿੱਚ ਮਨਾਉਂਦੇ ਹੋਏ ਦਿੱਸੇ। ਇਸ ਸਬੰਧੀ ਜਦ ਐਸਐਮਓ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਕਾਇਆ ਕਲਪ ਸਕੀਮ ਤਹਿਤ ਪੰਜਾਬ ਭਰ ਦੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਸੀ ਜਿਸ ਵਿੱਚ ਪਠਾਨਕੋਟ ਸਿਵਲ ਹਸਪਤਾਲ ਨੂੰ ਪਹਿਲਾਂ ਦਰਜਾ ਮਿਲਿਆ ਹੈ ਜਿਸ ਨਾਲ ਸਾਰੇ ਹੀ ਸਟਾਫ ਵਿੱਚ ਖੁਸ਼ੀ ਦਾ ਮਾਹੌਲ ਹੈ।
ਇੰਝ ਹੋਈ ਹਸਪਤਾਲ ਦੀਆਂ ਸਹੂਲਤਾਂ ਦੀ ਜਾਂਚ: ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਆਈ ਹੋਈ ਟੀਮ ਵਲੋਂ ਹਸਪਤਾਲ ਵਿਖੇ ਹਰ ਇਕ ਚੀਜ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ, ਫਿਰ ਚਾਹੇ ਉਹ ਹਸਪਤਾਲ ਵਿੱਚ ਮਰੀਜਾਂ ਲਈ ਅਤੇ ਉਨ੍ਹਾਂ ਦੇ ਤਾਮਿਲਦਾਰਾਂ ਲਈ ਬਣਨ ਵਾਲੀ ਰੋਟੀ ਹੋਵੇ ਜਾਂ ਫੇਰ ਡਾਕਟਰਾਂ ਵਲੋਂ ਮਰੀਜਾਂ ਦਾ ਕੀਤਾ ਜਾਣ ਵਾਲਾ ਇਲਾਜ ਹੋਵੇ ਜਾਂ ਫੇਰ ਗੱਲ ਹਸਪਤਾਲ ਦੀ ਸਾਫ ਸਫਾਈ ਦੀ ਹੋਵੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਸਹੂਲਤਾਂ ਨੂੰ ਵੇਖਣ ਤੋਂ ਬਾਅਦ ਪਠਾਨਕੋਟ ਸਿਵਲ ਹਸਪਤਾਲ ਨੂੰ 100 ਵਿਚੋਂ 91 ਨੰਬਰ ਮਿਲੇ ਸੀ ਜਿਸ ਨਾਲ ਪਠਾਨਕੋਟ ਸਿਵਲ ਹਸਪਤਾਲ ਦੂਜੀ ਵਾਰ ਸੂਬੇ ਵਿੱਚ ਪਹਿਲੇ ਨੰਬਰ ਉੱਤੇ ਆਇਆ ਹੈ ਜਿਸ ਦੇ ਚੱਲਦੇ ਹਸਪਤਾਲ ਨੂੰ 20 ਲੱਖ ਰੁਪਏ ਇਨਾਮ ਵਜੋਂ ਮਿਲੇ ਹਨ, ਜੋ ਕਿ ਹਸਪਤਾਲ ਦੀ ਬਿਹਤਰੀ ਲਈ ਖ਼ਰਚ ਕੀਤੇ ਜਾਣਗੇ।