ਪਠਾਨਕੋਟ: ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਸੁਜਾਨਪੁਰ ਨੇੜੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅੱਗ ਨੇ ਤੇਲ ਦੇ ਟੈਂਕਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਪਰ, ਅੱਗ ਨੂੰ ਬੁਝਾਉਣ ਵਿੱਚ ਦਮਕਲ ਵਿਭਾਗ ਦੇ ਕਰਮਚਾਰੀਆਂ ਨੂੰ ਕਾਫੀ ਮਸ਼ੱਕਤ ਦਾ ਸਾਹਮਨਾ ਕਰਨਾ ਪਿਆ। ਦੱਸ ਦਈਏ ਕਿ ਅੱਜ (ਬੁੱਧਵਾਰ) ਸਵੇਰੇ 8:40 ਵਜੇ ਜੰਮੂ ਤੋਂ ਆ ਰਹੇ (IOCL) ਤੇਲ ਟੈਂਕਰ ਨੂੰ ਪਠਾਨਕੋਟ ਦੇ ਮਲਿਕਪੁਰ ਚੌਕ ਨੇੜੇ ਪਹੁੰਚਣ 'ਤੇ ਅੱਗ ਲੱਗ ਗਈ।
ਚੱਲਦੇ ਟੈਂਕਰ ਨੂੰ ਲੱਗੀ ਅੱਗ: ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੈਂਕਰ ਨੰਬਰ ਐਚ.ਆਰ 63 ਈ 5476 ਦੇ ਡਰਾਈਵਰ ਮੁਖਤਾਰ ਅਹਿਮਦ ਨੇ ਦੱਸਿਆ ਕਿ ਉਹ ਆਪਣਾ ਤੇਲ ਟੈਂਕਰ ਕਾਰਗਿਲ ਖਾਲੀ ਕਰਕੇ ਵਾਪਸ ਆ ਰਿਹਾ ਸੀ ਕਿ ਜਦੋਂ ਉਹ ਪਠਾਨਕੋਟ ਦੇ ਮਲਿਕਪੁਰ ਚੌਂਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਬੱਸ ਦੇ ਡਰਾਈਵਰ ਨੇ ਉਸ ਨੂੰ ਇਸ਼ਾਰਾ ਕੀਤਾ ਹੇਠਾਂ ਦੇਖਣ ਲਈ। ਜਦੋਂ ਉਸ ਨੇ ਹੇਠਾਂ ਆ ਕੇ ਦੇਖਿਆ, ਤਾਂ ਹੇਠਾਂ ਟਾਇਰਾਂ ਨੂੰ ਅੱਗ ਲੱਗੀ ਹੋਈ ਸੀ।
ਵੱਡਾ ਹਾਦਸਾ ਹੋਣ ਤੋਂ ਟੱਲਿਆ: ਮੁਖਤਾਰ ਅਹਿਮਦ ਨੇ ਦੱਸਿਆ ਕਿ ਉਹ ਜਲੰਧਰ ਜਾ ਰਿਹਾ ਸੀ, ਪਰ ਇਹ ਦੇਖ ਕੇ ਉਸ ਨੇ ਗੱਡੀ ਰੋਕ ਲਈ ਅਤੇ ਇਸੇ ਦੌਰਾਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਡਰਾਈਵਰ ਨੇ ਦੱਸਿਆ ਕਿ ਉਹ ਕਾਰਗਿਲ ਵਿਖੇ ਤੇਲ ਦਾ ਟੈਂਕਰ ਖਾਲੀ ਕਰਕੇ ਆਇਆ ਸੀ ਅਤੇ ਤੇਲ ਟੈਂਕਰ ਵਿੱਚ ਨਾ ਹੋਣ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਵੀ ਟਲ ਗਿਆ। ਇਸ ਨੂੰ ਦੇਖਦੇ ਹੋਏ ਹਾਈਵੇ ਪੈਟਰੋਲਿੰਗ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ।
ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਮਹਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਗਸ਼ਤ 'ਤੇ ਸੀ, ਤਾਂ ਅਚਾਨਕ ਦੇਖਿਆ ਕਿ ਟੈਂਕਰ ਨੂੰ ਅੱਗ ਲੱਗ ਗਈ ਹੈ। ਦੇਖਦੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਡਰਾਈਵਰ ਨੇ ਹੈਂਡ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਟੈਂਕਰ ਦੇ ਟਾਇਰਾਂ ਨੂੰ ਅੱਗ ਲੱਗ ਗਈ।