ਪਠਾਨਕੋਟ: ਇਕ ਪਾਸੇ, ਸੂਬਾ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜਾਈ ਦਾ ਪੱਧਰ ਉਪਰ ਚੁੱਕਣ ਲਈ ਅਧਿਆਪਕਾਂ ਅਤੇ ਬੱਚਿਆਂ ਨੂੰ ਵਿਦੇਸ਼ ਦੌਰੇ ਉੱਤੇ ਭੇਜਿਆ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀ ਉੱਥੇ ਜਾ ਕੇ ਸਿੱਖਿਆ ਦਾ ਮਹੱਤਵ ਸਮਝ ਸਕਣ ਅਤੇ ਪੜਾਈ ਨੂੰ ਨਿਵੇਕਲੇ ਅਤੇ ਪੜਾਈ ਨੂੰ ਸੌਖੇ ਤਰੀਕੇ ਨਾਲ ਸਮਝ ਸਕਣ। ਪਰ, ਜ਼ਿਲ੍ਹਾ ਪਠਾਨਕੋਟ ਦੇ ਬੁੰਗਲ ਬਧਾਨੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਤਸਵੀਰਾਂ ਕੁਝ ਹੋਰ ਹੀ ਵੇਖਣ ਨੂੰ ਮਿਲ ਰਹੀਆਂ ਹਨ। ਜ਼ਿਲ੍ਹੇ ਦੇ ਇਸ ਸਕੂਲ ਵਿੱਚ ਵਿਸ਼ਾ ਪੰਜਾਬੀ ਦੇ ਅਧਿਆਪਕ ਨੇ ਮਹਿਜ ਜਮਾਤ ਵਿੱਚ ਹੱਸਣ ਤੋਂ ਸਕੂਲ ਦੇ ਵਿਦਿਆਰਥੀ ਨਾਲ ਕੁੱਟਮਾਰ ਕਰ ਦਿੱਤੀ।
ਇਸ ਵਿੱਚ 12ਵੀਂ ਦੇ ਵਿਦਿਆਰਥੀ ਦੇ ਕੰਨ ਦਾ ਪਰਦਾ ਫਟ ਗਿਆ ਹੈ ਜਿਸ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਸਬੰਧਤ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ, ਤਾਂ ਉਹ ਸਕੂਲ ਵਿੱਚ ਹੀ ਨਹੀਂ ਮਿਲੇ ਅਤੇ ਹੋਰ ਕਿਸੇ ਵੀ ਅਧਿਆਪਕ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਪਿਤਾ ਵਲੋਂ ਕਾਰਵਾਈ ਦੀ ਮੰਗ: ਇਸ ਸਬੰਧੀ ਜਦੋਂ ਪੀੜਤ ਵਿਦਿਆਰਥੀ ਅਤੇ ਉਸ ਦੇ ਪਿਤਾ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਉਹ ਦਿਹਾੜੀ ਲਗਾਉਣ ਦਾ ਕੰਮ ਕਰਦੇ ਹਨ ਅਤੇ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਪਰਤੇ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ ਦੇ ਅਧਿਆਪਕ ਵਲੋਂ ਕੁੱਟਿਆ ਗਿਆ ਹੈ। ਪਿਤਾ ਨੇ ਦੱਸਿਆ ਜਦ ਉਹ ਇਲਾਜ ਲਈ ਗਏ, ਤਾਂ ਪਤਾ ਚੱਲਿਆ ਕਿ ਬੇਟੇ ਦੇ ਕੰਨ ਦਾ ਪਰਦਾ ਫੱਟ ਚੁੱਕਾ ਹੈ। ਇਸ ਮੌਕੇ ਉਨ੍ਹਾਂ ਅਜਿਹੇ ਅਧਿਆਪਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ, ਜੋ ਵਿਦਿਆਰਥੀਆਂ ਉੱਤੇ ਇਸ ਤਰਾਂ ਤਸ਼ਦਤ ਕਰਦੇ ਹਨ।
ਸਿਵਲ ਹਸਪਤਾਲ ਵਿੱਚ ਇਲਾਜ: ਦੂਜੇ ਪਾਸੇ, ਜਦੋਂ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਗਈ, ਤਾਂ ਡਾ. ਸਚਿਨ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਬੱਚਾ ਇਲਾਜ ਕਰਵਾਉਣ ਲਈ ਆਇਆ ਹੈ ਜਿਸ ਵਲੋਂ ਦੱਸਿਆ ਗਿਆ ਹੈ ਕਿ ਅਧਿਆਪਕ ਨੇ ਉਸ ਨੂੰ ਕੁੱਟਿਆ ਹੈ। ਇਸ ਕਾਰਨ ਉਸ ਨੂੰ ਸੁਣਨ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਜਿਸ ਦੇ ਚੱਲਦੇ ਸਾਡੇ ਵਲੋਂ ਮੁੱਢਲਾ ਇਲਾਜ ਦੇ ਕੇ ਮਰੀਜ਼ ਨੂੰ ਪਠਾਨਕੋਟ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।