ਪਠਾਨਕੋਟ: ਪਾਕਿਸਤਾਨ (Pakistan) ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਸਰਹੱਦ ਰਾਹੀ ਭਾਰਤੀ ਇਲਾਕਿਆਂ ’ਚ ਘੁਸਪੈਠ ਕਰਨ ਦੇ ਲਈ ਪਾਕਿਸਤਾਨ ਹੁਣ ਡਰੋਨ ਦੀ ਮਦਦ ਲੈ ਰਿਹਾ ਹੈ। ਜਿਸ ਦੇ ਚੱਲਦੇ ਮੁੜ ਤੋਂ ਭਾਰਤ ਪਾਕਿਸਤਾਨ ਸਰਹੱਦ ’ਤੇ ਡਰੋਨ ਨੂੰ ਦੇਖਿਆ ਗਿਆ ਹੈ। ਜਿਸ ’ਤੇ ਸੁਰੱਖਿਆ ਬਲਾਂ ਵੱਲੋਂ 4-5 ਰਾਉਂਡ ਫਾਇਰਿੰਗ ਕਰ ਦਿੱਤੀ ਗਈ।
ਬੀਐੱਸਐਫ ਦੇ ਜਵਾਨਾਂ ਨੇ ਕੀਤੀ ਫਾਈਰਿੰਗ
ਮਿਲੀ ਜਾਣਕਾਰੀ ਮੁਤਾਬਿਕ ਭਾਰਤ ਪਾਕਿਸਤਾਨ ਸਰਹੱਦ (India Pakistan Border) ਨੇੜੇ ਬਮਿਆਲ ਸੈਕਟਰ (Bamiyal sector) ’ਚ ਸਥਿਤ ਸੁਰੱਖਿਆ ਬਲ ਦੀ ਚੌਕੀ ਜੈਤਪੁਰ ਅਤੇ ਕਾਂਸ਼ੀ ਬਰਵਾ ਦੇ ਅਧੀਨ ਦੇਰ ਰਾਤ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲੀ। ਰਾਤ ਦੇ ਕਰੀਬ 8 ਵਜੇ ਡਰੋਨ ਜ਼ਮੀਨ ਤੋਂ ਲਗਭਗ 600 ਮੀਟਰ ਦੀ ਉੱਚਾਈ ’ਤੇ ਦੇਖਿਆ ਗਿਆ ਜਿਸ ’ਤੇ ਸਰਹੱਦ ’ਤੇ ਤੈਨਾਤ ਸੀਮਾ ਸੁਰੱਖਿਆ ਬਲ ਬਟਾਲੀਅਨ 121 ਦੇ ਜਵਾਨਾਂ ਵੱਲੋਂ 5 ਰਾਉਂਡ ਫਾਇਰ ਕਰ ਦਿੱਤੀ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾ ਅਤੇ ਪੁਲਿਸ ਦੀ ਟੀਮ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਫਿਲਹਾਲ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਮਿਲਣ ਦੀ ਜਾਣਕਾਰੀ ਹਾਸਿਲ ਨਹੀਂ ਹੋਈ ਹੈ।
ਸਰਚ ਅਭਿਆਨ ਚਲਾਇਆ ਜਾ ਰਿਹਾ
ਮਾਮਲੇ ਸਬੰਧੀ ਐਸਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਉਹ ਸਰਚ ਅਭਿਆਨ ਕਰਦੇ ਰਹਿੰਦੇ ਹਨ। ਤਾਂ ਜੋ ਸਰਹੱਦੀ ਇਲਾਕਿਆਂ ’ਚ ਕੋਈ ਮਾੜੀ ਹਰਕਤ ਨਾ ਵਾਪਰੇ। ਇਸ ਤਰ੍ਹਾਂ ਦੇ ਮਾਮਲੇ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਮੁਸਤੈਦੀ ਦੇ ਨਾਲ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਡਰੋਨ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਆਦੇਸ਼
ਕਾਬਿਲੇਗੌਰ ਹੈ ਕਿ ਆਏ ਦਿਨ ਭਾਰਤ ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨ ਵੱਲੋਂ ਭਾਰਤ ਦੀ ਸਰਹੱਦ ’ਚ ਡਰੋਨ ਭੇਜਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਡੀਜੀਪੀ ਪੰਜਾਬ ਵੱਲੋਂ ਡਰੋਨ ਦੀ ਘਟਨਾ ਦੀ ਸ਼ੰਕਾ ਜਤਾਉਂਦੇ ਹੋਏ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਚ ਸਖਤ ਨਾਕੇਬੰਦੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਅਤੇ ਡਰੋਨ ਦੀਆਂ ਘਟਨਾਵਾਂ ’ਤੇ ਨਜਰ ਰੱਖਣ ਦੇ ਵੀ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜੋ: ਬਾਰਡਰ ’ਤੇ ਮੁੜ ਦਿਖਾਈ ਦਿੱਤਾ ਡਰੋਨ, ਬੀਐੱਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ