ਪਠਾਨਕੋਟ: ਜਿੱਥੇ ਕਿ ਇੱਕ ਪਾਸੇ ਸਰਕਾਰ ਵੱਲੋਂ ਸਾਫ ਸਫਾਈ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਉੱਥੇ ਹੀ, ਜੇ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੀ, ਤਾਂ ਸੁਜਾਨਪੁਰ ਸ਼ਹਿਰ ਵਿੱਚ ਮੌਜੂਦ ਨਗਰ ਕੌਂਸਲ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸੁਜਾਨਪੁਰ ਦੇ ਵੱਖ ਵੱਖ ਵਾਰਡਾਂ ਦਾ ਗੰਦਾ ਪਾਣੀ ਸੁਜਾਨਪੁਰ ਦੇ ਨਾਲ ਨਿਕਲ ਰਹੀ ਨਹਿਰ ਦੇ ਸਾਫ ਪਾਣੀ ਵਿੱਚ ਸੁੱਟਿਆ ਜਾ ਰਿਹਾ ਹੈ। ਜਦੋਂ ਨਹਿਰ ਵਿੱਚ ਪਾਣੀ ਨਹੀਂ ਹੁੰਦਾ, ਤਾਂ ਇਸ ਗੰਦੇ ਪਾਣੀ ਕਾਰਨ ਕਾਫੀ ਬਦਬੂ ਫੈਲਦੀ ਹੈ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਲੋਕਾਂ ਨੂੰ ਬਿਮਾਰੀਆਂ ਦਾ ਖ਼ਤਰਾ ਵੀ ਸਤਾ ਰਿਹਾ ਹੈ। ਉਧਰ ਪ੍ਰਸ਼ਾਸਨ ਸਿਰਫ਼ ਹੱਲ ਕੱਢਣ ਦੇ ਭਰੋਸੇ ਹੀ ਦੇ ਰਿਹਾ ਹੈ।
ਲੋਕਾਂ ਦਾ ਸਾਹ ਲੈਣਾ ਹੋਇਆ ਔਖਾ : ਮੌਜੂਦਾ ਸਰਕਾਰਾਂ ਵੱਲੋਂ ਵਾਅਦੇ ਅਤੇ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਹਨ ਕਿ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਮੁਹਈਆ ਕਰਵਾਇਆ ਜਾਵੇਗਾ ਤਾਂ ਕਿ ਦੇਸ਼ ਦੇ ਵਿੱਚ ਕਿਸੇ ਵੀ ਨਾਗਰਿਕ ਨੂੰ ਗੰਦਗੀ ਦੇ ਕਾਰਨ ਕੋਈ ਪਰੇਸ਼ਾਨੀ ਨਾ ਆ ਸਕੇ। ਇੰਨਾ ਹੀ ਨਹੀਂ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ, ਪਰ ਲੱਗਦਾ ਹੈ ਕਿ ਪਠਾਣਕੋਟ ਜ਼ਿਲ੍ਹੇ ਦੇ ਸ਼ਹਿਰ ਸੁਜਾਨਪੁਰ ਵਿਖੇ ਇਹ ਲਾਗੂ ਨਹੀਂ ਹੁੰਦੀ। ਇਸ ਲਈ ਇੱਥੋਂ ਦੇ ਲੋਕ ਗੰਦਗੀ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੋ ਰਹੇ ਹਨ।
ਸਥਾਨਕ ਲੋਕਾਂ ਵਿੱਚ ਰੋਸ: ਦੱਸ ਦਈਏ ਕਿ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਨਗਰ ਕੌਂਸਲ ਮੌਜੂਦ ਹੈ, ਜੋ ਕਿ ਸੁਜਾਨਪੁਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੇ ਨਾਲੋਂ ਨਿਕਲ ਰਹੀ ਲਿੰਕ ਨਹਿਰ ਵਿੱਚ ਸੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਸ਼ਹਿਰ ਦਾ ਕਾਫੀ ਕੂੜਾ ਕਰਕਟ ਵੀ ਇਸ ਵਿੱਚ ਸੁੱਟਿਆ ਜਾਂਦਾ ਹੈ ਜਿਸ ਨਾਲ ਸ਼ਹਿਰ ਵਿੱਚ ਗੰਦਗੀ ਦਾ ਵਾਤਾਵਰਨ ਬਣਿਆ ਹੋਇਆ ਹੈ, ਉੱਥੇ ਹੀ ਨਹਿਰ ਦਾ ਸਾਫ ਪਾਣੀ ਵੀ ਗੰਦਾ ਕੀਤਾ ਜਾ ਰਿਹਾ ਹੈ। ਕਈ ਵਾਰ ਲੋਕਾਂ ਨੇ ਇਸ ਨੂੰ ਲੈ ਕੇ ਆਵਾਜ਼ ਵੀ ਚੁੱਕੀ, ਪਰ ਹਜੇ ਤੱਕ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਗਿਆ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਨਗਰ ਕੌਂਸਲ ਦੇ ਖਿਲਾਫ ਰੋਸ ਨਜ਼ਰ ਆ ਰਿਹਾ ਹੈ।
ਜਲਦ ਹੱਲ ਕੱਢਣ ਦੀ ਮੰਗ: ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਸੁਜਾਨਪੁਰ ਦੀ ਨਗਰ ਕੌਂਸਲ ਇਸ ਵੱਲ ਧਿਆਨ ਨਹੀਂ ਦੇ ਰਹੀ ਅਤੇ ਸ਼ਹਿਰ ਦਾ ਗੰਦਾ ਪਾਣੀ ਨਹਿਰ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਖਾਸੀ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਦਾ ਕੋਈ ਹੱਲ ਕੱਢਿਆ ਜਾਵੇ ਅਤੇ ਗੰਦਾ ਪਾਣੀ ਨਹਿਰ ਵਿੱਚ ਨਾ ਸੁੱਟਿਆ ਜਾਵੇ।
ਉਧਰ ਦੂਸਰੇ ਪਾਸੇ ਜਦੋਂ ਨਗਰ ਕੌਂਸਲ ਦੇ ਈਓ ਮਨਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਦਾ ਹੱਲ ਕੱਢਿਆ ਜਾਵੇਗਾ ਅਤੇ ਗੰਦਾ ਪਾਣੀ ਨਹਿਰ ਦੇ ਵਿੱਚ ਨਹੀਂ ਸੁੱਟਿਆ ਜਾਵੇਗਾ।