ਪਠਾਨਕੋਟ: ਪੰਜਾਬ ਸਰਕਾਰ ਦੇ ਵਿਰੋਧ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਪੂਰੀ ਪੰਜਾਬ ਭਾਜਪਾ ਵੱਲੋਂ ਇੱਕ ਦਿਨ ਦਾ ਵਰਤ ਰੱਖਿਆ ਗਿਆ ਹੈ। ਇਹ ਵਰਤ ਲੋਕਾਂ ਦੀ ਆਵਾਜ਼ ਨੂੰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਕਰਨ ਲਈ ਰੱਖਿਆ ਗਿਆ। ਉਨ੍ਹਾਂ ਨੇ ਅੱਜ ਇੱਕ ਦਿਨ ਦੇ ਵਰਤ ਦਾ ਐਲਾਨ ਪੂਰੇ ਪੰਜਾਬ ਦੇ ਲੋਕਾਂ ਲਈ ਕੀਤਾ ਸੀ ਤਾਂ ਕਿ ਲੋਕ ਇੱਕ ਦਿਨ ਦਾ ਵਰਤ ਰੱਖ ਕੇ ਪੰਜਾਬ ਸਰਕਾਰ ਦੇ ਕੰਨ ਖੋਲ੍ਹ ਸਕਣ ਕਿ ਜੋ ਰਾਸ਼ਨ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਆਇਆ ਹੈ, ਉਹ ਉਨ੍ਹਾਂ ਤੱਕ ਪਹੁੰਚਾਇਆ ਜਾਵੇ।
ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਸਿਹਤ ਸੁਵਿਧਾਵਾਂ ਉੱਪਰ ਵੀ ਸਵਾਲ ਚੁੱਕੇ ਹਨ ਕਿ ਇਸ ਔਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਨੂੰ ਸਿਹਤ ਸੁਵਿਧਾਵਾਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ। ਇਸ ਬਾਰੇ ਅਸ਼ਵਨੀ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਮਜ਼ਬੂਰ ਹੋ ਕੇ ਅੱਜ ਇੱਕ ਦਿਨ ਦਾ ਵਰਤ ਰੱਖਣਾ ਪਿਆ ਕਿਉਂਕਿ ਪੰਜਾਬ ਸਰਕਾਰ ਨੇ ਆਪ ਖ਼ੁਦ ਰਾਸ਼ਨ ਦੇਣਾ ਤਾਂ ਦੂਰ ਦੀ ਗੱਲ ਕੇਂਦਰ ਸਰਕਾਰ ਵੱਲੋਂ ਜੋ ਰਾਸ਼ਨ ਆਇਆ ਸੀ ਉਹ ਵੀ ਲੋਕਾਂ ਤੱਕ ਨਹੀਂ ਪਹੁੰਚਇਆ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਅੱਜ ਵਰਤ ਰੱਖ ਕੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਪੰਜਾਬ ਦੀ ਜਨਤਾ ਤੱਕ ਪਹੁੰਚਾਉਣ ਤਾਂ ਕਿ ਉਹ ਦੋ ਵਕਤ ਦੀ ਰੋਟੀ ਖਾ ਸਕਣ।