ਪਠਾਨਕੋਟ: ਪੰਜਾਬ ਸਰਕਾਰ ਲੋਕਾਂ ਨਾਲ ਕਈ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਪਰ ਅੱਜ 3 ਸਾਲ ਬੀਤ ਜਾਣ ਮਗਰੋਂ ਵੀ ਸਰਕਾਰ ਆਪਣੇ ਵਾਅਦੇ ਪੂਰੇ ਕਰਦੀ ਹੋਈ ਵਿਖਾਈ ਨਹੀਂ ਦੇ ਰਹੀ ਹੈ। ਸਰਕਾਰ ਦੇ ਵਾਅਦਿਆਂ 'ਚ ਇੱਕ ਵਾਅਦਾ ਇਹ ਵੀ ਸੀ ਕਿ ਉਹ ਗਰੀਬਾਂ ਨੂੰ ਪੱਕੇ ਘਰ ਦੇਵੇਗੀ। ਉੱਥੇ ਹੀ ਜੇ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ 4 ਸਾਲ ਬੀਤਣ ਨੂੰ ਹਨ ਤੇ ਹਜੇ ਤੱਕ ਵੀ ਕਈ ਗਰੀਬ ਲੋਕ ਆਪਣੇ ਘਰ ਦੀ ਛੱਤਾਂ ਨੂੰ ਪੱਕਾ ਕਰਨ ਦੇ ਲਈ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ।
ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਗੋਹਾਨਾ ਵਿੱਚ ਗਰੀਬ ਬਲਬੀਰ ਕੁਮਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਸ ਦੇ ਘਰ ਦੀ ਕੱਚੀ ਛੱਤ ਨੂੰ ਪੱਕਾ ਕਰਨ ਲਈ ਸਰਕਾਰ ਉਸਦੀ ਕੁੱਝ ਮਦਦ ਕਰੇ। ਅਜੇ ਤੱਕ ਸਰਕਾਰ ਦੇ ਕੰਨਾਂ ਤੱਕ ਉਸ ਦੀ ਆਵਾਜ਼ ਨਹੀਂ ਪੁੱਜੀ ਹੈ। ਘਰ ਦੀ ਹਾਲਤ ਇੰਨੀ ਮਾੜੀ ਹੈ ਕਿ ਉਸ ਦੇ ਘਰ ਦੀ ਛੱਤ ਕੱਚੀ ਹੈ ਜੋ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਲਗਾਤਾਰ ਚੋਂਦੀ ਰਹਿੰਦੀ ਹੈ ਅਤੇ ਉਸ ਦਾ ਜਿਉਣਾ ਵੀ ਔਖਾ ਹੋਇਆ ਪਿਆ ਹੈ।
ਆਪਣੇ ਤਿੰਨ ਬੱਚਿਆਂ ਦੇ ਨਾਲ ਰਹਿ ਰਹੇ ਇਸ ਸ਼ਖਸ ਦੀ ਹਾਲਤ ਦਾ ਅੰਦਾਜ਼ਾ ਉਸ ਦੇ ਘਰ ਉੱਤੇ ਪਈ ਛੱਤ ਤੋਂ ਹੀ ਵੇਖ ਕੇ ਲਗਾਇਆ ਜਾ ਸਕਦਾ ਹੈ। ਜਦਕਿ ਪਿੰਡ ਦੇ ਸਰਪੰਚ ਨੂੰ ਉਸ ਦੀ ਇਸ ਮਾੜੀ ਹਾਲਤ ਦੀ ਜਾਣਕਾਰੀ ਵੀ ਨਹੀਂ ਸੀ। ਜਾਣਕਾਰੀ ਮਿਲਣ ਤੋਂ ਬਾਅਦ ਹੁਣ ਸਰਪੰਚ ਨੇ ਉਸ ਦੀ ਛੱਤ ਪੱਕੀ ਕਰਵਾਉਣ ਦਾ ਵਾਅਦਾ ਵੀ ਕੀਤਾ ਹੈ।
ਬਲਬੀਰ ਕੁਮਾਰ ਨੇ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ, 'ਮੇਰੇ ਘਰ ਦੀ ਹਾਲਤ ਬਹੁਤ ਮਾੜੀ ਹੈ ਅਤੇ ਮੈਂ ਆਪਣੇ ਘਰ ਦੀ ਛੱਤ ਵੀ ਨਹੀਂ ਪੱਕੀ ਕਰਵਾ ਸਕਦਾ। ਮੇਰੀ ਸਰਕਾਰ ਅੱਗੇ ਗੁਹਾਰ ਹੈ ਕਿ ਮੇਰੀ ਮਦਦ ਕੀਤੀ ਜਾਵੇ।'
ਦੂਜੇ ਪਾਸੇ ਪਿੰਡ ਦੇ ਸਰਪੰਚ ਰਾਜ ਕੁਮਾਰੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਉਸਦੇ ਧਿਆਨ ਦੇ ਵਿੱਚ ਇਹ ਮਾਮਲਾ ਨਹੀਂ ਸੀ ਪਰ ਹੁਣ ਇਹ ਮਾਮਲਾ ਉਸਦੇ ਸਾਹਮਣੇ ਆਇਆ ਹੈ। ਸਰਪੰਚ ਰਾਜ ਕੁਮਾਰੀ ਨੇ ਕਿਹਾ ਕਿ ਪੰਚਾਇਤ ਵੱਲੋਂ ਉਸ ਦੀ ਮਦਦ ਜ਼ਰੂਰ ਕੀਤੀ ਜਾਵੇਗੀ।